ਹਰਿਆਣਾ ਵਿੱਚ ਕੰਮ ਕਰਦੇ ਪੱਤਰਕਾਰ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਆਪਣੀਆਂ ਜਿੰਮੇਵਾਰੀਆਂ ਨਿਭਾ ਰਹੇ ਹਨ- ਨਵੀਨ ਮਲਹੋਤਰਾ
ਪੱਤਰਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕਰੋਨਾ ਦੇ ਮੁਫ਼ਤ ਇਲਾਜ ਦਾ ਬੰਦੋਬਸਤ ਕਰੇ ਹਰਿਆਣਾ ਸਰਕਾਰ- ਬੀ ਕੇ ਦਿਵਾਕਰ
ਸੂਬੇ ਵਿਚ ਕਰਨਾਲ, ਪਾਣੀਪਤ, ਹਿਸਾਰ, ਸਮਾਲਖਾ ਅਤੇ ਆਸ ਪਾਸ ਦੇ ਹੋਰ ਖੇਤਰਾਂ ਦੇ ਤਕਰੀਬਨ ਅੱਧਾ ਦਰਜਨ ਪੱਤਰਕਾਰ ਆਪਣੀਆਂ ਜਾਨਾਂ ਨਿਛਾਵਰ ਕਰ ਚੁੱਕੇ ਹਨ- ਆਰ ਆਰ ਸ਼ੈਲੀ
ਪਿਹੋਵਾ 15 ਮਈ (ਡਾ. ਵਰਿਆਮ ਸਿੰਘ) ਸੰਸਾਰ ਪੱਧਰ ਤੇ ਫੈਲੀ ਕਰੋਨਾ ਮਹਾਂਮਾਰੀ ਦੀ ਭਿਆਨਕ ਜਕੜ ਵਿਚ ਆਏ ਹਰਿਆਣਾ ਸੂਬੇ ਵਿਚ ਜਿਸ ਤਰ੍ਹਾਂ ਰੋਜ਼ਾਨਾ ਲੋਕਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ ਅਤੇ ਸੂਬਾ ਸਰਕਾਰ ਉਨ੍ਹਾਂ ਤੇ ਕਾਬੂ ਪਾਉਣ ਲਈ ਦਿਨ ਰਾਤ ਜੂਝ ਰਹੀ ਹੈ, ਉਸੇ ਤਰਾਂ ਸੂਬੇ ਦੇ ਪੱਤਰਕਾਰ ਵੀ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਆਪਣੀਆਂ ਜਿੰਮੇਵਾਰੀਆਂ ਸਿਦਕਦਿਲੀ ਨਾਲ਼ ਨਿਭਾਅ ਰਹੇ ਹਨ। ਅਜਿਹੇ ਹਾਲਾਤ ਨਾਲ਼ ਨਜਿੱਠਦਿਆਂ ਹਰਿਆਣਾ ਦੇ ਕਰਨਾਲ, ਪਾਣੀਪਤ, ਹਿਸਾਰ, ਸਮਾਲਖਾ ਅਤੇ ਹੋਰ ਇਲਾਕਿਆਂ ਦੇ ਤਕਰੀਬਨ ਇਕ ਦਰਜਨ ਪੱਤਰਕਾਰ ਹੁਣ ਤੱਕ ਇਸ ਬਿਮਾਰੀ ਦੀ ਭੇਂਟ ਚੜ੍ਹ ਚੁੱਕੇ ਹਨ।
ਇਹ ਜਾਣਕਾਰੀ ਦਿੰਦਿਆਂ ‘ਹਰਿਆਣਾ ਸਰਕਾਰੀ ਪੈਂਸ਼ਨਰ ਪੱਤਰਕਾਰ ਸੰਘ’ ਦੇ ਤਾਲਮੇਲ ਕਰਤਾ ਬੀ ਕੇ ਦਿਵਾਕਰ ਅਤੇ ਸੀਨੀਅਰ ਪੱਤਰਕਾਰ ਨਵੀਨ ਮਲਹੋਤਰਾ ਨੇ ਦੱਸਿਆ ਕਿ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਵੱਲੋਂ ਜਿੱਥੇ ਪਤਰਕਾਰਾਂ ਨੂੰ ਕਰੋਨਾ ਖਿਲਾਫ਼ ਲੜਾਈ ਵਿਚ ਮੂਹਰਲੀ ਕਤਾਰ ਦੇ ਯੋਧਿਆਂ ਦਾ ਦਰਜਾ ਦਿੱਤਾ ਗਿਆ ਹੈ ਉੱਥੇ ਮੁੱਖ ਮੰਤਰੀ ਵੱਲੋਂ ਸੂਬੇ ਦੇ ਪੱਤਰਕਾਰਾਂ ਨੂੰ ਮੁਫ਼ਤ ਲੋਦੇ ਲਗਵਾਉਣ ਦੀ ਸਹੂਲਤ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਹਰਿਆਣਾ ਸਰਕਾਰੀ ਪੈਂਸ਼ਨਰ ਸੰਘ ਦੇ ਤਾਲਮੇਲ ਕਰਤਾ ਬੀਕੇ ਦਿਵਾਕਰ, ਨੈਸ਼ਨਲ ਯੂਨੀਅਨ ਆਫ਼ ਜਰਨਲਿਸਟਸ (ਇੰਡੀਆ) ਦੇ ਮੈਂਬਰ ਨਵੀਨ ਮਲਹੋਤਰਾ ਅਤੇ ਸੰਘ ਦੇ ਸੀਨੀਅਰ ਮੈਂਬਰ ਆਰ ਆਰ ਸ਼ੈਲੀ ਨੇ ਇਕ ਸਾਂਝੇ ਪ੍ਰੈਸ ਨੋਟ ਰਾਹੀਂ ਮੁੱਖ ਮੰਤਰੀ ਹਰਿਆਣਾ ਤੋਂ ਮੰਗ ਕੀਤੀ ਹੈ ਕਿ ਜਿਵੇਂ ਮਧ ਪ੍ਰਦੇਸ਼ ਸਰਕਾਰ ਵੱਲੋਂ ਸੂਬੇ ਵਿਚ ਕੰਮ ਕਰ ਰਹੇ, ਪ੍ਰਿੰਟ, ਇਲੈਕਟ੍ਰੋਨਿਕ ਅਤੇ ਡਿਜੀਟਲ ਮੀਡੀਆ ਨਾਲ਼ ਜੁੜੇ ਮਾਨਤਾ ਪ੍ਰਾਪਤ ਅਤੇ ਗੈਰ ਮਾਨਤਾ ਪ੍ਰਾਪਤ, ਸਾਰੇ ਪੱਤਰਕਾਰਾਂ ਨੂੰ ਪਰਿਵਾਰ ਸਮੇਤ, ਬਿਨਾਂ ਕਿਸੇ ਵਿਤਕਰੇ ਦੇ, ਕਰੋਨਾ ਦਾ ਮੁਫ਼ਤ ਇਲਾਜ ਪੱਤਰਕਾਰ ਬੀਮਾ ਯੋਜਨਾ ਅਤੇ ਪੱਤਰਕਾਰ ਕਲਿਆਣ ਕੋਸ਼ ਦੇ ਤਹਿਤ ਕਰਵਾਉਣ ਦੀ ਸਹੂਲਤ ਦਿੱਤੀ ਗਈ ਹੈ ਉਸੇ ਤਰਾਂ ਇਹ ਯੋਜਨਾ ਹਰਿਆਣੇ ਦੇ ਪੱਤਰਕਾਰਾਂ ਲਈ ਵੀ ਇੰਨ ਬਿੰਨ ਲਾਗੂ ਕੀਤੀ ਜਾਵੇ ।
ਉਹਨਾਂ ਦੱਸਿਆ ਕਿ ਹੁਣ ਤੱਕ ਹਰਿਆਣਾ ਦੇ ਅਲਾਵਾ ਉੜੀਸਾ, ਰਾਜਸਥਾਨ, ਬਿਹਾਰ ਅਤੇ ਪੰਜਾਬ ਦੀਆਂ ਸਰਕਾਰਾਂ ਪੱਤਰਕਾਰਾਂ ਨੂੰ ਕਰੋਨਾ ਖ਼ਿਲਾਫ਼ ਲੜਾਈ ਵਿਚ ਮੂਹਰਲੀ ਕਤਾਰ ਦੇ ਯੋਧੇ ਐਲਾਨ ਚੁੱਕੀਆਂ ਹਨ।