ਮਹਿਲਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਨਾਰੀ ਨਿਆਇ ਸਨਮਾਨ ਸਮਾਗਮ ਕਰਵਾਇਆ ਗਿਆ
ਕਰਨਾਲ 7 ਮਾਰਚ (ਪਲਵਿੰਦਰ ਸਿੰਘ ਸੱਗੂ)
ਮਹਿਲਾ ਦਿਵਸ ਮੌਕੇ ਹਰਿਆਣਾ ਪ੍ਰਦੇਸ਼ ਮਹਿਲਾ ਕਾਂਗਰਸ ਦੀ ਅਗਵਾਈ ਵਿੱਚ ਕਰਨਾਲ ਜ਼ਿਲ੍ਹੇ ਵਿੱਚ ਜ਼ਿਲ੍ਹਾ ਪੱਧਰੀ ਨਾਰੀ ਨਿਆਇ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਮਹਿਲਾ ਕਾਂਗਰਸ ਕਰਨਾਲ ਦਿਹਾਤੀ ਦੀ ਜ਼ਿਲ੍ਹਾ ਪ੍ਰਧਾਨ ਡਾ: ਨਵਜੋਤ ਕਸ਼ਯਪ ਨੇ ਕੀਤਾ | ਇਸ ਪ੍ਰੋਗਰਾਮ ਵਿੱਚ ਹਰਿਆਣਾ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਸੁਧਾ ਭਾਰਦਵਾਜ ਅਤੇ ਹਰਿਆਣਾ ਇੰਚਾਰਜ ਸ਼ਿਵਾਨੀ ਮਿਸ਼ਰਾ ਨੇ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਅੱਵਲ ਆਉਣ ਵਾਲੀਆਂ ਔਰਤਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ‘ਚ ਸ਼ਿਵਾਨੀ ਮਿਸ਼ਰਾ ਨੇ ਕਿਹਾ ਕਿ ਅੱਜ ਮੌਜੂਦਾ ਭਾਜਪਾ ਸਰਕਾਰ ‘ਚ ਔਰਤਾਂ ‘ਤੇ ਅੱਤਿਆਚਾਰ ਵਧ ਰਹੇ ਹਨ ਅਤੇ ਜ਼ਿਆਦਾਤਰ ਮਾਮਲਿਆਂ ‘ਚ ਭਾਜਪਾ ਦੇ ਵੱਡੇ ਨੇਤਾਵਾਂ ਦਾ ਹੱਥ ਹੈ। ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਔਰਤਾਂ ‘ਤੇ ਅੱਤਿਆਚਾਰ ਅਤੇ ਤੰਗ-ਪ੍ਰੇਸ਼ਾਨ ਦੇ ਮਾਮਲਿਆਂ ‘ਚ ਭਾਰੀ ਵਾਧਾ ਹੋਇਆ ਹੈ। ਹੱਕ ਅਤੇ ਇਨਸਾਫ਼ ਲਈ ਲੜਨ ਵਾਲੀਆਂ ਧੀਆਂ ਨੂੰ ਸੜਕਾਂ ‘ਤੇ ਕੁੱਟਿਆ ਜਾਂਦਾ ਹੈ।ਉਨ੍ਹਾਂ ਕਿਹਾ ਕਿ ਅੱਜ ਇਸ ਮਹਿੰਗਾਈ ਦੇ ਯੁੱਗ ਵਿੱਚ ਔਰਤਾਂ ਲਈ ਰਸੋਈ ਚਲਾਉਣਾ ਵੀ ਔਖਾ ਹੋ ਗਿਆ ਹੈ। ਇਸ ਪ੍ਰੋਗਰਾਮ ਵਿੱਚ ਸੁਧਾ ਭਾਰਦਵਾਜ ਨੇ ਰਾਜਨੀਤੀ ਵਿੱਚ ਔਰਤਾਂ ਦੀ ਭਾਗੀਦਾਰੀ ਅਤੇ ਮਹਿਲਾ ਸਸ਼ਕਤੀਕਰਨ ਬਾਰੇ ਗੱਲ ਕੀਤੀ।ਉਨ੍ਹਾਂ ਨੇ ਔਰਤਾਂ ਨੂੰ ਇੱਕਜੁੱਟ ਹੋ ਕੇ ਮੌਜੂਦਾ ਸਰਕਾਰ ਦੀਆਂ ਨਾਰੀ ਵਿਰੋਧੀ ਨੀਤੀਆਂ ਵਿਰੁੱਧ ਲੜਨ ਦਾ ਸੱਦਾ ਦਿੱਤਾ। ਇਸ ਪ੍ਰੋਗਰਾਮ ਵਿੱਚ ਸਾਬਕਾ ਵਿਧਾਇਕ ਸੁਮਿਤਾ ਸਿੰਘ ਨੇ ਵੀ ਔਰਤਾਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਲਈ ਕਾਨੂੰਨਾਂ ਦੀ ਸਮਝ ਵਧਾਉਣ ਦੀ ਗੱਲ ਕੀਤੀ।
ਕਰਨਾਲ ਲੋਕ ਸਭਾ ਇੰਚਾਰਜ ਉਮਾ ਸ਼ੰਕਰ ਪਾਂਡੇ ਨੇ ਹਰਿਆਣਾ ਕਾਂਗਰਸ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ ਘਰ ਘਰ ਕਾਂਗਰਸ ਹਰ ਘਰ ਕਾਂਗਰਸ ਵਿੱਚ ਹਿੱਸਾ ਲੈਣ ਲਈ ਔਰਤਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਔਰਤਾਂ ਨੂੰ ਰਾਜਨੀਤੀ ਵਿੱਚ ਭਾਗੀਦਾਰੀ ਸਿਰਫ਼ ਕਾਂਗਰਸ ਹੀ ਦੇ ਸਕਦੀ ਹੈ।
ਇਸ ਪ੍ਰੋਗਰਾਮ ਵਿੱਚ ਗੁਰਵਿੰਦਰ ਕੌਰ, ਸੁਮਿੱਤਰਾ ਦੇਵੀ, ਸੰਤੋਸ਼ ਤੇਜਨ, ਪ੍ਰੀਤੀ, ਪ੍ਰਤਿਭਾ ਗੁਪਤਾ, ਨਿਰਮਲਾ ਦੇਵੀ, ਪ੍ਰੀਤੀ, ਸੋਨੀਆ, ਬਬਲੀ ਪਾਲ, ਨੈਨਸੀ, ਰੀਨਾ ਆਦਿ ਹਾਜ਼ਰ ਸਨ।