ਸਰਕਾਰ ਤਨਖ਼ਾਹਾਂ ਦੀ ਸਮੱਸਿਆ ਦੂਰ ਕਰਕੇ ਅਤੇ ਹੋਰ ਮੰਗਾਂ ਮੰਨ ਕੇ ਪਟਵਾਰੀਆਂ ਦੀ ਹੜਤਾਲ ਜਲਦੀ ਖ਼ਤਮ ਕਰੇ: ਪਦਮ
ਕਰਨਾਲ 30 ਜਨਵਰੀ (ਪਲਵਿੰਦਰ ਸਿੰਘ ਸੱਗੂ)
ਅੱਜ ਪਟਵਾਰੀ ਅਤੇ ਕਾਨੂੰਗੋ ਐਸੋਸੀਏਸ਼ਨ ਕਰਨਾਲ ਵੱਲੋਂ 7ਵੇਂ ਪੜਾਅ ਦੇ ਦੂਜੇ ਦਿਨ ਵੀ ਧਰਨਾ ਜਾਰੀ ਰਿਹਾ। ਹੜਤਾਲ ਦਾ 7ਵਾਂ ਪੜਾਅ 29 ਜਨਵਰੀ ਤੋਂ 31 ਜਨਵਰੀ ਤੱਕ ਜਾਰੀ ਰਹੇਗਾ। ਇਹ ਜਾਣਕਾਰੀ ਜ਼ਿਲ੍ਹਾ ਪ੍ਰਧਾਨ ਪਦਮ ਕੁਮਾਰ ਨੇ ਦਿੱਤੀ। ਪਦਮ ਨੇ ਕਿਹਾ ਕਿ ਸਰਕਾਰ ਤਨਖ਼ਾਹਾਂ ਦੀ ਖੱਜਲ-ਖੁਆਰੀ ਦੂਰ ਕਰਕੇ ਅਤੇ ਹੋਰ ਮੰਗਾਂ ਮੰਨ ਕੇ ਪਟਵਾਰੀਆਂ ਦੀ ਹੜਤਾਲ ਜਲਦੀ ਖ਼ਤਮ ਕਰੇ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੂਬਾ ਕਾਰਜਕਾਰਨੀ ਨੂੰ ਗੱਲਬਾਤ ਲਈ ਬੁਲਾਇਆ ਗਿਆ ਸੀ ਪਰ ਸਰਕਾਰ ਵੱਲੋਂ ਏਸੀਐਸ ਅਤੇ ਐਫਸੀਆਰ ਨਾਲ ਕੀਤੀ ਗਈ ਗੱਲਬਾਤ ਬੇਸਿੱਟਾ ਰਹੀ। ਇਸ ਲਈ ਇਹ ਹੜਤਾਲ 31 ਜਨਵਰੀ ਤੱਕ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਧਰਨਾ ਜਾਰੀ ਰਹੇਗਾ। ਪਦਮ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਗ ਹੈ ਕਿ ਤਨਖ਼ਾਹਾਂ ਵਿੱਚ ਫ਼ਰਕ ਨੂੰ ਦੂਰ ਕੀਤਾ ਜਾਵੇ ਅਤੇ 2016 ਤੋਂ ਤਨਖ਼ਾਹ ਸਕੇਲ ਨੂੰ ਲਾਗੂ ਕੀਤਾ ਜਾਵੇ ਅਤੇ ਖ਼ਾਲੀ ਅਸਾਮੀਆਂ ਨੂੰ ਪੱਕੇ ਤੌਰ ’ਤੇ ਭਰਿਆ ਜਾਵੇ। ਉਨ੍ਹਾਂ ਕਿਹਾ ਕਿ ਗਿਰਦਾਵਰੀ ਦਾ ਕੰਮ ਵੀ ਫਰਵਰੀ ਮਹੀਨੇ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਲਈ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗੀ।ਸਟੇਜ ਦਾ ਸੰਚਾਲਨ ਸਤੀਸ਼ ਪਟਵਾਰੀ ਨੇ ਕੀਤਾ। ਇਸ ਮੌਕੇ ਅਸ਼ੋਕ ਕੌਸ਼ਿਕ ਵਾਈਸ ਪਿ੍ੰਸੀਪਲ, ਰਾਜੇਸ਼ ਕੁਮਾਰ ਵਾਈਸ ਪਿ੍ੰਸੀਪਲ, ਨੀਰਜ ਹੁੱਡਾ ਕੈਸ਼ੀਅਰ, ਕਸ਼ਮੀਰ ਸਿੰਘ ਸਾਬਕਾ ਪਿ੍ੰਸੀਪਲ, ਪ੍ਰਮੋਦ ਰਾਣਾ ਸਾਬਕਾ ਪਿ੍ੰਸੀਪਲ, ਰਮੇਸ਼ ਕਾਨੂੰਗੋ, ਅਮਿਤ ਕਾਲੀਆ, ਜਸਬੀਰ ਸਿੰਘ, ਧੀਰਜ ਸੇਠੀ, ਸੁਮਿਤ ਸਿੰਗਲਾ, ਰਾਜੇਸ਼ ਭੁੱਕਲ, ਸ਼ਾਮਕਰਨ, ਗੁਲਜ਼ਾਰ, ਡਾ. ਨਰਾਇਣ, ਰਾਮਮੇਹਰ, ਪ੍ਰਮੋਦ ਵਰਮਾ, ਸੁਖਬੀਰ ਕਾਨੂੰਗੋ, ਪਾਲਾ ਰਾਮ, ਨਰੇਸ਼ ਖੋਖਰ, ਪ੍ਰਦੀਪ ਮਾਨ, ਸੁਨੀਲ ਮਾਨ, ਪ੍ਰਸ਼ਾਂਤ, ਵਿਜੇਵੀਰ ਆਦਿ ਹਾਜ਼ਰ ਸਨ।