ਭੀਮ ਆਰਮੀ ਮੁੱਖੀ ਸ੍ਰੀ ਚੰਦਰਸੇਖਰ ਉਤੇ ਹੋਇਆ ਜਾਨਲੇਵਾ ਹਮਲਾ ਡੂੰਘੀ ਸਾਜਿਸ, ਉੱਚ ਪੱਧਰੀ ਜਾਂਚ ਹੋਵੇ : ਮਾਨ
ਕਰਨਾਲ 29 ਜੂਨ ( ਪਲਵਿੰਦਰ ਸਿੰਘ ਸੱਗੂ)
ਰੰਘਰੇਟਿਆ ਤੇ ਜਨਜਾਤੀਆ ਵਰਗ ਨਾਲ ਸੰਬੰਧਤ ਉਨ੍ਹਾਂ ਦੇ ਹੱਕ-ਹਕੂਕਾ ਤੇ ਸਮਾਜਿਕ ਰੱਖਿਆ ਲਈ ਮਾਣ-ਸਨਮਾਨ ਨੂੰ ਕਾਇਮ ਰੱਖਣ ਹਿੱਤ ਜੂਝ ਰਹੀ ਭੀਮ ਆਰਮੀ ਸੰਗਠਨ ਦੇ ਮੁੱਖੀ ਚੰਦਰਸੇਖਰ ਉਪਰ ਬੀਤੇ ਦਿਨ ਜੋ ਸਹਾਰਨਪੁਰ (ਯੂਪੀ) ਵਿਖੇ ਇਕ ਹਮਲਾ ਹੋਇਆ ਹੈ, ਇਹ ਇਕ ਡੂੰਘੀ ਸਾਜਿਸ ਦੀ ਕੜੀ ਦਾ ਹਿੱਸਾ ਹੈ । ਜਿਸ ਰਾਹੀ ਮਜਲੂਮਾਂ, ਲੋੜਵੰਦਾਂ, ਮਿਹਨਤਕਸਾਂ, ਬੇਸਹਾਰਿਆ, ਰੰਘਰੇਟੇ ਅਤੇ ਜਨਜਾਤੀਆ ਨਾਲ ਸੰਬੰਧਤ ਉਥੋ ਦੇ ਨਿਵਾਸੀਆ ਦੇ ਆਗੂਆ ਨੂੰ ਇਸ ਵਰਗ ਦੀ ਬਿਹਤਰੀ ਲਈ ਕੰਮ ਕਰਨ ਤੋ ਰੋਕਣ ਦੀ ਮਨੁੱਖਤਾ ਵਿਰੋਧੀ ਸੋਚ ਕੰਮ ਕਰਦੀ ਹੈ ਅਤੇ ਉਨ੍ਹਾਂ ਵੱਲੋ ਬਿਨ੍ਹਾਂ ਕਿਸੇ ਡਰ-ਭੈ ਤੋ ਆਜਾਦੀ ਨਾਲ ਅਜਿਹੇ ਉਦਮ ਕਰਨ ਵਿਚ ਰੁਕਾਵਟਾ ਖੜ੍ਹੀਆ ਕਰਨਾ ਹੈ । ਬੇਸੱਕ ਉਸ ਅਕਾਲ ਪੁਰਖ ਦੀ ਕਿਰਪਾ ਸਦਕਾ ਸਰੀਰਕ ਤੌਰ ਤੇ ਬਚ ਗਏ ਹਨ । ਪਰ ਹਮਲਾਵਰਾਂ ਦਾ ਮਕਸਦ ਉਨ੍ਹਾਂ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਵਾਲਾ ਸੀ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਖਤ ਸ਼ਬਦਾਂ ਵਿਚ ਜਿਥੇ ਨਿੰਦਾ ਕਰਦਾ ਹੈ, ਉਥੇ ਸਹਾਰਨਪੁਰ ਦੇ ਪ੍ਰਸਾਸਨ ਅਤੇ ਯੂਪੀ ਦੀ ਯੋਗੀ ਸਰਕਾਰ ਤੋ ਗੰਭੀਰਤਾ ਭਰੀ ਮੰਗ ਕਰਦਾ ਹੈ ਕਿ ਇਸ ਹੋਈ ਘਟਨਾ ਦੀ ਕਿਸੇ ਨਿਰਪੱਖ ਏਜੰਸੀ ਤੋ ਤਹਿ ਤੱਕ ਜਾਂਚ ਕਰਵਾਈ ਜਾਵੇ ਅਤੇ ਜੋ ਵੀ ਖੂਫੀਆ ਏਜੰਸੀਆ ਜਾਂ ਹੁਕਮਰਾਨਾਂ ਦੇ ਆਦੇਸ਼ਾਂ ਉਤੇ ਅਜਿਹੇ ਮਨੁੱਖਤਾ ਵਿਰੋਧੀ ਅਮਲ ਕਰਨ ਲਈ ਜਿੰਮੇਵਾਰ ਹਨ, ਉਨ੍ਹਾਂ ਨੂੰ ਇੰਡੀਆ ਨਿਵਾਸੀ ਜਨਤਾ ਦੇ ਸਾਹਮਣੇ ਲਿਆਕੇ ਕਾਨੂੰਨ ਅਨੁਸਾਰ ਸਜਾਵਾਂ ਦੇਣਾ ਪ੍ਰਬੰਧ ਕੀਤਾ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੱਲ੍ਹ ਸਹਾਰਨਪੁਰ ਨੇੜੇ ਰੰਘਰੇਟਿਆ ਦੇ ਆਗੂ ਚੰਦਰਸੇਖਰ ਉਤੇ ਹੋਏ ਸਾਜਸੀ ਹਮਲੇ ਦੀ ਨਿਖੇਧੀ ਕਰਦੇ ਹੋਏ ਅਤੇ ਨਿਰਪੱਖਤਾ ਨਾਲ ਜਾਂਚ ਕਰਨ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਹੁਕਮਰਾਨ ਜਮਾਤਾਂ ਇੰਡੀਆ ਵਿਚ ਘੱਟ ਗਿਣਤੀ ਕੌਮਾਂ, ਰੰਘਰੇਟਿਆ, ਕਬੀਲਿਆ, ਜਨਜਾਤੀਆ ਨਾਲ ਵਿਧਾਨਿਕ, ਸਮਾਜਿਕ ਅਤੇ ਧਾਰਮਿਕ ਤੌਰ ਤੇ ਹਿੰਦੂਤਵ ਰਾਸਟਰ ਦੀ ਸੋਚ ਅਧੀਨ ਜਬਰ ਜੁਲਮ ਤੇ ਬੇਇਨਸਾਫ਼ੀਆਂ ਕਰਦੇ ਆ ਰਹੇ ਹਨ, ਤਾਂ ਉਨ੍ਹਾਂ ਵਰਗਾਂ ਦੇ ਹੱਕਾਂ ਦੀ ਰੱਖਿਆ ਲਈ ਅਜਿਹੇ ਸੰਗਠਨਾਂ ਨੂੰ ਅਤੇ ਆਗੂਆ ਨੂੰ ਹੋਰ ਵੀ ਸੰਜੀਦਾ ਅਤੇ ਦ੍ਰਿੜ ਹੋਣ ਦੀ ਲੌੜ ਹੈ । ਤਾਂ ਕਿ ਫਿਰਕੂ ਹੁਕਮਰਾਨ ਇਨ੍ਹਾਂ ਵਰਗਾਂ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਤੇ ਜਬਰ ਨਾ ਕਰ ਸਕਣ । ਸ. ਮਾਨ ਨੇ ਸਮੁੱਚੇ ਇਨ੍ਹਾਂ ਵਰਗਾਂ ਅਤੇ ਇਨਸਾਫ਼ ਪਸੰਦ ਨਿਵਾਸੀਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹੁਕਮਰਾਨਾਂ ਦੇ ਅਜਿਹੇ ਹਿੰਦੂਤਵ ਰਾਸਟਰ ਕਾਇਮ ਕਰਨ ਅਤੇ ਘੱਟ ਗਿਣਤੀ ਕੌਮਾਂ ਵਿਚ ਦਹਿਸਤ ਪਾਉਣ ਵਾਲੇ ਮਨੁੱਖਤਾ ਵਿਰੋਧੀ ਅਮਲਾਂ ਨੂੰ ਬਿਲਕੁਲ ਵੀ ਸਹਿਣ ਨਾ ਕਰਨ । ਬਲਕਿ ਬਿਨ੍ਹਾਂ ਕਿਸੇ ਦੇਰੀ ਕੀਤਿਆ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਹਿੰਦੂਤਵ ਰਾਸਟਰ ਕਾਇਮ ਕਰਨ, ਵੱਖ-ਵੱਖ ਕੌਮਾਂ ਤੇ ਘੱਟ ਗਿਣਤੀ ਕੌਮਾਂ ਵਿਚ ਨਫਰਤ ਪੈਦਾ ਕਰਕੇ ਆਪਣੇ ਮੰਦਭਾਵਨਾ ਭਰੇ ਮਨਸੂਬਿਆ ਨੂੰ ਪੂਰਨ ਕਰਨ ਵਾਲੇ ਹੁਕਮਰਾਨਾਂ ਦੀ ਸੋਚ ਦਾ ਅੰਤ ਕਰਨ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਜੂਝਣਾ ਅਤੇ ਪੀੜ੍ਹਤ ਨਿਵਾਸੀਆ ਨੂੰ ਹਰ ਪੱਖ ਤੋ ਸੁਚੇਤ ਕਰਨਾ ਆਪਣਾ ਸਭਨਾਂ ਦਾ ਸਾਂਝਾ ਫਰਜ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਕਬੀਲਿਆ, ਆਦਿਵਾਸੀਆ ਆਦਿ ਸਭ ਆਪਣੀ ਅਣਖ ਤੇ ਗੈਰਤ ਦੀ ਜਿੰਦਗੀ ਜਿਊਣ ਲਈ ਅਤੇ ਹੁਕਮਰਾਨਾਂ ਦੇ ਜ਼ਬਰ ਨੂੰ ਸਹਿਣ ਨਾ ਕਰਨ ਹਿੱਤ ਜਲਦੀ ਹੀ ਆਪਣੇ ਆਗੂਆ ਦੇ ਰਾਹੀ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਆਪਣੀ ਮਨੁੱਖਤਾ ਪੱਖੀ ਜੰਗ ਨੂੰ ਜਾਰੀ ਰੱਖਣ । ਸ. ਮਾਨ ਨੇ ਉਚੇਚੇ ਤੌਰ ਤੇ ਆਪਣੇ ਹਰਿਆਣਾ ਸਟੇਟ ਦੇ ਯੂਥ ਦੇ ਪ੍ਰਧਾਨ ਸ. ਹਰਜੀਤ ਸਿੰਘ ਵਿਰਕ ਤੇ ਉਨ੍ਹਾਂ ਦੀ ਟੀਮ ਨੂੰ ਚੰਦਰਸੇਖਰ ਦਾ ਹਰ ਤਰ੍ਹਾਂ ਇਲਾਜ ਕਰਵਾਉਣ ਅਤੇ ਹਿਫਾਜਤ ਕਰਨ ਲਈ ਹਦਾਇਤ ਦਿੱਤੀ ਜਿਸਨੂੰ ਪ੍ਰਵਾਨ ਕਰਦੇ ਹੋਏ ਸ. ਵਿਰਕ ਦੀ ਅਗਵਾਈ ਵਿਚ ਸਮੁੱਚੀ ਟੀਮ ਹਸਪਤਾਲ ਵਿਚ ਉਨ੍ਹਾਂ ਨਾਲ ਹੈ ।