ਐਚਐਸਜੀਐਮਸੀ ਨੇ ਸਾਬਕਾ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੇ ਪਰਿਵਾਰ ਨਾਲ ਕੀਤਾ ਦੁਖ ਸਾਂਝਾ
ਪ੍ਰਕਾਸ਼ ਸਿੰਘ ਬਾਦਲ ਦਾ ਸਦੀਵੀ ਵਿਛੋੜਾ ਦੇਸ਼ ਵਾਸੀਆਂ ਲਈ ਵੱਡਾ ਘਾਟਾ : ਮਹੰਤ ਕਰਮਜੀਤ ਸਿੰਘ
ਹਰਿਆਣਾ 28 ਅਪ੍ਰੈਲ ( ਪਲਵਿੰਦਰ ਸਿੰਘ ਸੱਗੂ)
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਸੇਵਾਪੰਥੀ ,ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਅਤੇ ਹੋਰ ਅਹੁਦੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣਾ ਕਰ ਜਾਣ ਤੇ ਪਿੰਡ ਬਾਦਲ ਵਿਖੇ ਪਹੁੰਚ ਕੇ ਸੁਖਬੀਰ ਸਿੰਘ ਬਾਦਲ ਅਤੇ ਹੋਰ ਪਰਿਵਾਰਕ ਮੈਬਰਾਂ ਨਾਲ ਦੁਖ ਸਾਝਾਂ ਕੀਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ । ਮਹੰਤ ਕਰਮਜੀਤ ਸਿੰਘ ਨੇ ਕਿਹਾ ਕਿ ਲੰਮਾਂ ਅਰਸਾ ਦੇਸ਼ ਦੀ ਸਿਆਸਤ ਵਿੱਚ ਸਰਗਰਮ ਰਹਿਣ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਦਾ ਸਦੀਵੀ ਵਿਛੋੜਾ ਦੇਸ਼ ਵਾਸੀਆਂ ਲਈ ਵੱਡਾ ਘਾਟਾ ਹੈ। ਸ੍ਰ. ਬਾਦਲ ਦਾ ਦੇਸ਼ ਲਈ ਦਿਤੇ ਰਾਜਨੀਤਕ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸੰਤ ਪੰਡਿਤ ਨਿਸ਼ਚਲ ਸਿੰਘ ਜੀ ਪ੍ਰਤੀ ਅਥਾਹ ਸ਼ਰਧਾ, ਪ੍ਰੇਮ ਅਤੇ ਸਤਿਕਾਰ ਰੱਖਦੇ ਸਨ । ਯਮੁਨਾਨਗਰ ਵਿਖੇ ਸੰਤ ਨਿਸ਼ਚਲ ਸਿੰਘ ਸਕੂਲ ਦਾ ਨੀਹ ਪੱਥਰ ਵੀ ਪ੍ਰਕਾਸ਼ ਸਿੰਘ ਬਾਦਲ ਨੇ ਰੱਖਿਆ ਸੀ। ਮਹੰਤ ਕਰਮਜੀਤ ਸਿੰਘ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ । ਇਸ ਮੌਕੇ ਹਰਿਆਣਾ ਕਮੇਟੀ ਦੇ ਮੀਤ ਪ੍ਰਧਾਨ ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਅਤੇ ਕਮੇਟੀ ਦੇ ਬੁਲਾਰੇ ਕਵਲਜੀਤ ਸਿੰਘ ਅਜਰਾਣਾ ਸਣੇ ਹੋਰ ਮੈਬਰਾਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ।