ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 2 ਕਰੋੜ ਦੀ ਸਕਾਲਰਸ਼ਿਪ ਲੈਣ ਵਾਲੇ ਸਿੱਖ ਨੋਜਵਾਨ ਪਰਮਵੀਰ ਸਿੰਘ ਨੂੰ ਕੀਤਾ ਸਨਮਾਨਿਤ

Spread the love
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 2 ਕਰੋੜ ਦੀ ਸਕਾਲਰਸ਼ਿਪ ਲੈਣ ਵਾਲੇ ਸਿੱਖ ਨੋਜਵਾਨ ਪਰਮਵੀਰ ਸਿੰਘ ਨੂੰ ਕੀਤਾ ਸਨਮਾਨਿਤ
ਕਰਨਾਲ 22 ਅਗਸਤ( ਪਲਵਿੰਦਰ ਸਿੰਘ ਸੱਗੂ)
2 ਕਰੋੜ ਦੀ ਪੀਅਰਸਨ ਸਕਾਲਰਸ਼ਿੱਪ ਹਾਸਲ ਕਰਨ ਵਾਲੇ ਸਿੱਖ ਨੌਜਵਾਨ ਪਰਮਵੀਰ ਸਿੰਘ ਲਈ ਅੱਜ ਬਹੁਤ ਹੀ ਖੁਸ਼ੀ ਅਤੇ ਮਾਣ ਦਾ ਪਲ ਸੀ ਜਦੋਂ ਉਹਨਾਂ ਨੂੰ ਸਿੱਖ ਕੌਮ ਦੀ ਸਿਰਮੌਰ ਹਸਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਹੱਥੋਂ ਸਨਮਾਨਿਤ ਹੋਣ ਦਾ ਸੁਭਾਗ ਪ੍ਰਾਪਤ ਹੋਇਆ।ਪਰਮਵੀਰ ਸਿੰਘ ਨੂੰ ਕੈਨੇਡਾ ਦੀ ਨੰਬਰ 1 ਯੂਨੀਵਰਸਿਟੀ ਆਫ ਟੋਰਾਂਟੋ ਤੋਂ ਮੈਨੇਜਮੈਂਟ ਦੀ ਪੜ੍ਹਾਈ ਲਈ ਦੋ ਕਰੋੜ ਤੋਂ ਵੱਧ ਦੀ ਸਕਾਲਰਸ਼ਿਪ ਹਾਸਲ ਕਰਨ ਤੇ  ਜਥੇਦਾਰ ਹਰਪ੍ਰੀਤ ਸਿੰਘ ਨੇ ਅੱਜ ਪਰਮਵੀਰ ਸਿੰਘ ਨੂੰ ਸਨਮਾਨਿਤ ਕੀਤਾ।ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਵਿਖੇ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਤਖ਼ਤ ਸਾਹਿਬ ਦਾ ਯਾਦਗਾਰੀ ਚਿੰਨ੍ਹ ਭੇਟ ਕਰਦੇ ਹੋਏ। ਉਨ੍ਹਾਂ ਕਿਹਾ ਕਿ ਇਹ ਲੋਕਾਂ ਲਈ ਮਾਣ ਵਾਲੀ ਗੱਲ ਹੈਕਿ ਇਸ ਸਾਲ ਦੁਨੀਆ ਭਰ ਦੇ 37 ਬੱਚੇ ਇਸ ਸਕਾਲਰਸ਼ਿਪ ਲਈ ਚੁਣੇ ਗਏ ਹਨ ਅਤੇ ਇਸ ਸੂਚੀ ਵਿੱਚ ਭਾਰਤ ਦੇ ਚਾਰ ਬੱਚਿਆਂ ਵਿੱਚੋਂ ਤਿੰਨ ਬੱਚੇ ਸਿੱਖ ਹਨ।
ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨੇ ਦੱਸਿਆ ਕਿ ਪਰਮਵੀਰ ਸਿੰਘ ਅੰਮ੍ਰਿਤਧਾਰੀ ਨੌਜਵਾਨ ਹੈ। ਉਹ ਉਨ੍ਹਾਂ ਸਿੱਖ ਬੱਚਿਆਂ ਲਈ ਪ੍ਰੇਰਨਾ ਸਰੋਤ ਹੈ ਜੋ ਮਹਿਸੂਸ ਕਰਦੇ ਹਨ ਕਿ ਕੇਸ ਕਤਲ ਕਰਵਾ ਕੇ ਹੀ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ।ਇਸ ਮੌਕੇ ਹਾਜ਼ਰ ਸ਼੍ਰੋਮਣੀ ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਗੁਰਤੇਜ ਸਿੰਘ ਖ਼ਾਲਸਾ ਨੇ ਪਰਮਵੀਰ ਸਿੰਘ ਦੀ ਸਫ਼ਲਤਾ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਪ੍ਰਮਾਤਮਾ ਦੀ ਕਿਰਪਾ ਦਾ ਨਤੀਜਾ ਦੱਸਿਆ | ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਥੋਂ ਮਿਲੇ ਸਨਮਾਨ ਨੂੰ ਆਪਣੇ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਦੱਸਦਿਆਂ ਪਰਮਵੀਰ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਉਹ ਪਵਿੱਤਰ ਅਸਥਾਨ ਹੈ ਜਿਸ ਦੀ ਸਥਾਪਨਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਸੀ।ਇਹ ਤਖ਼ਤ ਕੋਈ ਆਮ ਦੁਨਿਆਵੀ ਤਖ਼ਤ ਨਹੀਂ ਸਗੋਂ ਅਕਾਲ ਪੁਰਖ ਦਾ ਤਖ਼ਤ ਹੈ, ਜਿਸ ਦੇ ਜਥੇਦਾਰ ਨੂੰ ਸਿੱਖ ਕੌਮ ਦਾ ਮੁਖੀ ਮੰਨਿਆ ਜਾਂਦਾ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸੰਗਤ ਦੀ ਹਜ਼ੂਰੀ ਵਿੱਚ ਅਜਿਹੀ ਮਹਾਨ ਸ਼ਖਸੀਅਤ ਤੋਂ ਮਿਲੇ ਸਨਮਾਨ ਨੂੰ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹਨ ਅਤੇ ਉਨ੍ਹਾਂ ਦੀ ਇਹ ਕੋਸ਼ਿਸ਼ ਰਹੇਗੀ ਕਿ ਉਹ ਸਾਰੀ ਉਮਰ ਗੁਰਮਤਿ ਦੇ ਮਾਨਵਤਾਵਾਦੀ ਸਿਧਾਂਤ ‘ਤੇ ਚੱਲਦੇ ਰਹਿਣ। ਪਰਮਵੀਰ ਸਿੰਘ ਦੇ ਪਿਤਾ ਅਤੇ ਨਿਫਾ ਦੇ ਪ੍ਰਧਾਨ ਪ੍ਰੀਤਪਾਲ ਸਿੰਘ ਪੰਨੂ ਨੇ ਵੀ ਇਸ ਨੂੰ ਉਨ੍ਹਾਂ ਦੇ ਪੂਰੇ ਪਰਿਵਾਰ ਲਈ ਮਾਣ ਵਾਲਾ ਪਲ ਦੱਸਿਆ ਹੈ।

Leave a Comment

Your email address will not be published. Required fields are marked *

Scroll to Top