ਸਵੱਛ ਭਾਰਤ ਮਿਸ਼ਨ ਦੇ ਵਾਈਸ ਚੇਅਰਮੈਨ ਸੁਭਾਸ਼ ਚੰਦਰ ਨੇ ਸੁਭਾਸ਼ ਕਲੋਨੀ ‘ਚ ਫੈਲੇ ਗੰਦਗੀ ਦਾ ਨੋਟਿਸ ਲੈਂਦਿਆਂ ਮੌਕੇ ‘ਤੇ ਪਹੁੰਚ ਕੇ ਸਮੱਸਿਆ ਦਾ ਹੱਲ ਕਰਵਾਇਆ
ਕਰਨਾਲ 9 ਜੂਨ ( ਪਲਵਿੰਦਰ ਸਿੰਘ ਸੱਗੂ)
ਕਰਨਾਲ ਦੇ ਮਾਲ ਰੋਡ ਨਾਲ ਲੱਗਦੀ ਸੁਭਾਸ਼ ਕਲੋਨੀ ਵਿਚ ਫੈਲੀ ਗੰਦਗੀ ਨੂੰ ਲੈ ਕੇ ਤੁਰੰਤ ਕਾਰਵਾਈ ਕਰਦੇ ਹੋਏ ਸਵੱਛ ਭਾਰਤ ਮਿਸ਼ਨ ਹਰਿਆਣਾ ਦੇ ਉਪ ਚੇਅਰਮੈਨ ਸੁਭਾਸ਼ ਚੰਦਰ ਨੇ ਨਿਗਮ ਅਧਿਕਾਰੀਆਂ ਨੂੰ ਮੌਕੇ ‘ਤੇ ਬੁਲਾ ਕੇ ਵਿਵਸਥਾ ਨੂੰ ਠੀਕ ਕਰਨ ਦੇ ਨਿਰਦੇਸ਼ ਦਿੱਤੇ।ਕਲੋਨੀ ਵਿੱਚ ਵਿਕਰਮ ਮਾਰਗ ’ਤੇ ਪਿਛਲੇ ਕਈ ਦਿਨਾਂ ਤੋਂ ਬੰਦ ਪਈ ਸੀਵਰ ਲਾਈਨ ਦੇ ਗੰਦੇ ਪਾਣੀ ਅਤੇ ਸੜਕ ਦੇ ਦੋਵੇਂ ਪਾਸੇ ਉੱਗ ਰਹੇ ਜ਼ਹਿਰੀਲੇ ਗਾਜਰ ਘਾਹ ਨੂੰ ਦੇਖ ਕੇ ਉਨ੍ਹਾਂ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਨਿਗਮ ਮੁਲਾਜ਼ਮਾਂ ਨੂੰ ਕਿਹਾ ਕਿ ਇਸ ਵਿੱਚ ਸਾਰਾ ਸਿਸਟਮ ਇਕ ਦੋ ਦਿਨਾਂ ਵਿੱਚ ਠੀਕ ਕੀਤਾ ਜਾਵੇ। ਸੀਵਰੇਜ ਦੀ ਸਫ਼ਾਈ ਲਈ ਨਿਗਮ ਮੁਲਾਜ਼ਮਾਂ ਦੀ ਟੀਮ ਆਪਣੇ ਨਾਲ ਸੀਵਰੇਜ ਦੀ ਸਫ਼ਾਈ ਵਾਲੀ ਗੱਡੀ ਵੀ ਲੈ ਕੇ ਆਈ ਸੀ।ਸੁਭਾਸ਼ ਕਲੋਨੀ ਰੈਜ਼ੀਡੈਂਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਵੜੈਚ ਨੇ ਵਾਈਸ ਚੇਅਰਮੈਨ ਨੂੰ ਦੱਸਿਆ ਕਿ ਕਈ ਵਾਰ ਨਿਗਮ ਦੇ ਕਰਮਚਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ। ਕਲੋਨੀ ਵਿੱਚ ਕਈ ਸਟਰੀਟ ਲਾਈਟਾਂ ਬੰਦ ਪਈਆਂ ਹਨ, ਸੜਕ ਦੇ ਦੋਵੇਂ ਪਾਸੇ ਵੱਡਾ ਘਾਹ-ਫੂਸ ਉੱਗਿਆ ਹੋਇਆ ਹੈ, ਕੁਝ ਖੰਭੇ ਪਏ ਹੋਏ ਹਨ ਅਤੇ ਮਿੱਟੀ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕਲੋਨੀ ਵਿੱਚ ਦੋ-ਤਿੰਨ ਥਾਵਾਂ ’ਤੇ ਕੁਝ ਵਿਅਕਤੀਆਂ ਨੇ ਕਬਜ਼ੇ ਕੀਤੇ ਹੋਏ ਹਨ, ਜਿਨ੍ਹਾਂ ਨੂੰ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਹਟਾਇਆ ਨਹੀਂ ਜਾ ਰਿਹਾ। ਕਲੋਨੀ ਵਿੱਚ ਪੀਣ ਵਾਲੇ ਪਾਣੀ ਦੀ ਵੀ ਘਾਟ ਹੈ।ਅਤੇ ਟਿਊਬਵੈੱਲ ਲਗਾਉਣ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ। ਇਸ ਸਬੰਧੀ ਕਲੋਨੀ ਵਾਸੀਆਂ ਵੱਲੋਂ ਜਨ ਸਿਹਤ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ। ਪਰ ਅਜੇ ਤੱਕ ਇਸ ਸਬੰਧੀ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ। ਵਾਈਸ ਚੇਅਰਮੈਨ ਨੇ ਪਬਲਿਕ ਹੈਲਥ ਦੇ ਐਕਸੀਅਨ ਨੂੰ ਬੁਲਾ ਕੇ ਇਸ ਬਾਰੇ ਪੁੱਛਗਿੱਛ ਕੀਤੀ ਅਤੇ ਕਾਰਵਾਈ ਕਰਨ ਲਈ ਕਿਹਾ। ਸਥਾਨਕ ਲੋਕਾਂ ਨੇ ਦੱਸਿਆ ਕਿ ਸਾਖ਼ਾ ਰਾਊਂਡ ਵਿੱਚ ਰੇਨ ਹਾਰਵੈਸਟਿੰਗ ਸਿਸਟਮ ਵੀ ਮਿੱਟੀ ਅਤੇ ਪੱਤਿਆਂ ਨਾਲ ਭਰਿਆ ਹੋਇਆ ਹੈ, ਜਿਸ ਕਾਰਨ ਕਈ-ਕਈ ਦਿਨ ਬਰਸਾਤੀ ਪਾਣੀ ਜ਼ਮੀਨ ਤੇ ਹੀ ਖੜ੍ਹਾ ਰਹਿੰਦਾ ਹੈ, ਜਿਸ ਕਾਰਨ ਮੱਖੀਆਂ, ਮੱਛਰ ਪੈਦਾ ਹੁੰਦੇ ਹਨ, ਜ਼ਮੀਨ ਵਿੱਚ ਉੱਗਦਾ ਹਰਾ ਘਾਹ ਵੀ ਸੜ ਜਾਂਦਾ ਹੈ। ਗੰਦਾ ਪਾਣੀ ਹਾਕੀ ਖਿਡਾਰੀਆਂ ਦੇ ਅਭਿਆਸ ਵਿੱਚ ਵੀ ਰੁਕਾਵਟ ਬਣਦਾ ਹੈ। ਇਸ ਮੌਕੇ ਕਲੋਨੀ ਦੇ ਸਾਬਕਾ ਪ੍ਰਧਾਨ ਐਸ.ਐਮ.ਕੁਮਾਰ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਤੋਸ਼ ਰਾਣਾ, ਸਮਾਜ ਸੇਵੀ ਸਤੀਸ਼ ਗਾਬਾ, ਸਮਾਜ ਸੇਵੀ ਈਸ਼ਵਰ ਮਿੱਤਰ ਆਰੀਆ, ਮੇਘਰਾਜ ਲੂਥਰਾ ਸਮੇਤ ਕਈ ਹੋਰ ਹਾਜ਼ਰ ਸਨ।