- ਜਦੋਂ ਤੱਕ ਔਰਤਾਂ ਸੁਰੱਖਿਅਤ ਨਹੀਂ ਹੁੰਦੀਆਂ ਉਦੋਂ ਤੱਕ ਸਮਾਜ ਅਤੇ ਦੇਸ਼ ਸੁਰੱਖਿਅਤ ਨਹੀਂ : ਸ. ਬਲਦੇਵ ਸਿੰਘ
ਕਰਨਾਲ 05 ਅਪ੍ਰੈਲ (ਪਲਵਿੰਦਰ ਸਿੰਘ ਸੱਗੂ)
ਗੁਰੂ ਨਾਨਕ ਖਾਲਸਾ ਕਾਲਜ ਵਿੱਚ ਪੰਜਾਬੀ ਵਿਭਾਗ ਵੱਲੋਂ ਸਰਦਾਰ ਤਾਰਾ ਸਿੰਘ ਜੀ (ਸਾਬਕਾ ਮੈਂਬਰ ਪਾਰਲੀਮੈਂਟ) ਯਾਦਗਾਰੀ ਲੈਕਚਰ ਲਾਡੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅਮਰੀਕਾ ਤੋਂ ਉੱਘੇ ਪੱਤਰਕਾਰ, ਸਾਹਿਤਕਾਰ, ਨਾਵਲਕਾਰ ਅਤੇ ਲੇਖਕ ਸਰਦਾਰ ਬਲਦੇਵ ਸਿੰਘ ਗਰੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਕਾਲਜ ਦੇ ਪ੍ਰਿੰਸੀਪਲ ਡਾ: ਗੁਰਿੰਦਰ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਸਰਦਾਰ ਬਲਦੇਵ ਸਿੰਘ ਗਰੇਵਾਲ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਵਿਦਵਾਨ ਹਨ ਅਤੇ ਉਨ੍ਹਾਂ ਵੱਲੋਂ ਲਿਖਿਆ ਗਿਆ ਨਾਵਲ ਐਮ.ਏ.ਪੰਜਾਬੀ ਦੇ ਸਿਲੇਬਸ ਵਿੱਚ ਲੱਗਾ ਹੋਇਆ ਹੈ। ਸਰਦਾਰ ਬਲਦੇਵ ਸਿੰਘ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਔਰਤਾਂ ਨੂੰ ਮੁੱਖ ਰੱਖ ਕੇ ਆਪਣਾ ਸਾਹਿਤ ਲਿਖਿਆ ਹੈ। ਉਨ੍ਹਾਂ ਕਿਹਾ ਜਦੋਂ ਤੱਕ ਔਰਤ ਸੁਰੱਖਿਅਤ ਨਹੀਂ ਹੋਵੇਗੀ, ਸਮਾਜ ਅਤੇ ਦੇਸ਼ ਸੁਰੱਖਿਅਤ ਨਹੀਂ ਹੋਣਗੇ ਅਤੇ ਨਾ ਹੀ ਉਹ ਦੇਸ਼ ਤਰੱਕੀ ਕਰ ਸਕੇ ਗਾ । ਉਨ੍ਹਾਂ ਕਿਹਾ ਕਿ ਅੱਤਵਾਦ ਦੇ ਸਮੇਂ ਵੀ ਉਹ ਨਿਡਰ ਹੋ ਕੇ ਲਿਖਦੇ ਰਹੇ ਅਤੇ ਸਮਾਜ ਨੂੰ ਜਾਗਰੂਕ ਕਰਨ ਦਾ ਯਤਨ ਕਰਦੇ ਰਹੇ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਚੇਅਰਮੈਨ ਡਾ: ਹਰਸਿਮਰਨ ਸਿੰਘ ਰੰਧਾਵਾ ਨੇ ਸਰਦਾਰ ਬਲਦੇਵ ਸਿੰਘ ਗਰੇਵਾਲ ਦੀ ਸ਼ਖ਼ਸੀਅਤ ਅਤੇ ਕਾਰਜਾਂ ‘ਤੇ ਚਾਨਣਾ ਪਾਇਆ |ਉਨ੍ਹਾਂ ਕਿਹਾ ਕਿ ਸਰਦਾਰ ਬਲਦੇਵ ਸਿੰਘ ਅਤੇ ਸੰਪਾਦਿਤ ਅਖਬਾਰ ਸ਼ੇਰ-ਏ-ਪੰਜਾਬ ਅਮਰੀਕਾ ਤੋਂ ਛਪਦਾ ਰਿਹਾ ਅਤੇ ਬਹੁਤ ਮਸ਼ਹੂਰ ਹੋਇਆ। ਉਸ ਦੁਆਰਾ ਲਿਖਿਆ ਨਾਵਲ ਪਰਿਕਰਮਾ ਪ੍ਰਵਾਸੀ ਸਾਹਿਤ ਅਤੇ ਸਮੁੱਚੇ ਪੰਜਾਬ ਦੀ ਤਸਵੀਰ ਪੇਸ਼ ਕਰਦਾ ਹੈ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੌਜੂਦਾ ਚੇਅਰਮੈਨ ਡਾ.ਕੁਲਦੀਪ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।ਮੰਚ ਦਾ ਸੰਚਾਲਨ ਪ੍ਰੋ: ਜਤਿੰਦਰਪਾਲ ਸਿੰਘ ਨੇ ਕੀਤਾ ਅਤੇ ਪ੍ਰਿਤਪਾਲ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰੋ: ਪ੍ਰਵੀਨ ਕੌਰ, ਡਾ: ਜੁਝਾਰ ਸਿੰਘ, ਡਾ: ਦੇਵੀ ਭੂਸ਼ਨ, ਡਾ: ਦੀਪਕ, ਪ੍ਰੋ: ਅਮਰਜੀਤ ਕੌਰ, ਡਾ: ਸੋਨੀਆ ਅਤੇ ਡਾ: ਵੀਰ ਸਿੰਘ ਹਾਜ਼ਰ ਸਨ