ਹਰਿਆਣਾ ਕਮੇਟੀ ਦੇ ਮੌਜੂਦਾ ਪ੍ਰਧਾਨ ਜੱਥੇਦਾਰ ਦਾਦੂਵਾਲ ਅਤੇ ਸਕੱਤਰ ਆਰ ਟੀ ਆਈ ਐਕਟ ਰਾਹੀਂ ਵੀ ਨਹੀਂ ਦਿੰਦੇ ਜਾਣਕਾਰੀ:ਐਡਵੋਕੇਟ ਅੰਗਰੇਜ਼ ਸਿੰਘ ਪੰਨੂ
ਕਰਨਾਲ 10 ਜੁਲਾਈ (ਪਲਵਿੰਦਰ ਸਿੰਘ ਸੱਗੂ)
ਅੱਜ ਹਰਿਆਣਾ ਦੇ ਸਿੱਖ ਨੇਤਾ ਅਤੇ ਲੰਮਾ ਸਮਾ ਹਰਿਆਣਾ ਦੀ ਵੱਖਰੀ ਕਮੇਟੀ ਲਈ ਯਤਨਸ਼ੀਲ ਅਤੇ ਸੰਘਰਸ਼ ਕਰਨ ਵਾਲੇ ਆਗੂ ਐਡਵੋਕੇਟ ਅੰਗਰੇਜ਼ ਸਿੰਘ ਪੰਨੂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅਤੇ ਸਕੱਤਰ ਸਰਬਜੀਤ ਸਿੰਘ ਜੰਮੂ ਕਿਸੇ ਵੀ ਤਰਾਂ ਦੀ ਜਾਣਕਾਰੀ ਸਿੱਖ ਸੰਗਤਾਂ ਨੂੰ ਉਪਲੱਬਧ ਨਹੀਂ ਕਰਾਉਂਦੇ ਏਥੋਂ ਤੱਕ ਕਿ ਸੂਚਨਾ ਦੇ ਅਧਿਕਾਰ ਐਕਟ 2005 ਦੇ ਤਹਿਤ ਜੇ ਕੋਈ ਜਾਣਕਾਰੀ ਮੰਗੀ ਜਾਂਦੀ ਹੈ ਜਾਂ ਪਤਰਵਿਹਾਰ ਕੀਤਾ ਜਾਂਦਾ ਹੈ ਤਾਂ ਵੀ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਇਸ ਤਰੀਕੇ ਦੀਆਂ ਕਾਰਗੁਜ਼ਾਰੀਆਂ ਵੇਖ ਕੇ ਲੱਗਦਾ ਹੈ ਕਿ ਹਰਿਆਣਾ ਦੀ ਮੌਜੂਦਾ ਕਮੇਟੀ ਦਾ ਕੰਮ ਪਾਰਦਰਸ਼ੀ ਨਹੀਂ ਹੈ.
ਐਡਵੋਕੇਟ ਪੰਨੂ ਨੇ ਕਿਹਾ ਕਿ ਉਹਨਾਂ ਖੁਦ ਪਹਿਲਾ ਆਮ ਸਿੱਖ ਵਾਂਗ ਸਕੱਤਰੇਤ ਵਿਖੇ ਫੋਨ ਲਾ ਕੇ ਜਾਨਕਾਰੀ ਮੰਗੀ ਪਰ ਕੋਈ ਜਵਾਬ ਨਹੀਂ ਮਿਲਿਆ ਫਿਰ ਇਕ ਪੱਤਰ ਲਿਖ ਕੇ ਜਾਨਕਾਰੀ ਮੰਗੀ ਤਾਂ ਵੀ ਕੋਈ ਜਵਾਬ ਨਹੀਂ ਮਿਲਿਆ ਫਿਰ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਮੰਗੀ ਤਾਂ ਉਹ ਬਿਨੇ ਪੱਤਰ ਲੈਣ ਤੋ ਇਨਕਾਰ ਕਰ ਦਿੱਤਾ ਗਿਆ ਫਿਰ ਮੈਂ ਆਪ ਖੁਦ ਅਪਣੇ ਨੰਬਰ ਤੋਂ ਸਕੱਤਰ ਸਰਬਜੀਤ ਸਿੰਘ ਜੰਮੂ ਅਤੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੂੰ ਵਾਟਸਪ ਰਾਹੀਂ ਬਿਨੇ ਪੱਤਰ ਭੇਜਿਆ ਹੈ ਪਰ ਅਜ 4 ਹਫਤੇ ਤੋਂ ਉਪਰ ਹੋ ਗਏ ਨੇ ਪਰ ਮੈਂਨੂੰ ਕੋਈ ਵੀ ਜਵਾਬ ਨਹੀਂ ਮਿਲਿਆ ਉਹਨਾਂ ਦਾਦੂਵਾਲ ਨੂੰ ਸਵਾਲ ਕੀਤਾ ਹੈ ਕਿ ਜੇਕਰ ਹਰਿਆਣਾ ਕਮੇਟੀ ਲਈ ਸੰਘਰਸ਼ ਕਰਨ ਵਾਲਿਆਂ ਨੂੰ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਾਉਂਦਾ ਤਾਂ ਆਮ ਸਿੱਖ ਨੂੰ ਨਵੀਂ ਬਣੀ ਕਮੇਟੀ ਕਿ ਸਮਝਦੀ ਹੋਵੇਗੀ. ਉਹਨਾਂ ਇਹ ਵੀ ਕਿਹਾ ਕਿ ਕਮੇਟੀ ਅੰਦਰ ਸਭ ਕੁਝ ਠੀਕ ਨਹੀਂ ਚੱਲ ਰਿਹਾ, ਜਿਹੜਾ ਆਗੂ ਅਪਣੇ ਹੀ ਕਾਰਕੁਨਾਂ ਨੂੰ ਜਾਣਕਾਰੀ ਨਹੀਂ ਦੇਂਦਾ ਓਥੇ ਵੱਡੇ ਘਪਲੇ ਹੋਣ ਤੇ ਫੇਰਬਦਲ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ. ਉਹਨਾਂ ਕਿਹਾ ਜੇਕਰ ਕਮੇਟੀ ਸਹੀ ਢੰਗ ਨਾਲ ਚਲਾਉਣ ਦਾ ਇਰਾਦਾ ਹੈ ਤਾਂ ਇਸ ਵਿਚ ਪਾਰਦਰਸ਼ਤਾ ਹੋਣੀ ਅੱਤ ਲਾਜਮੀ ਹੈ