ਹਰਿਆਣਾ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਨਿਰਾਸ਼ਾਜਨਕ – ਤ੍ਰਿਲੋਚਨ ਸਿੰਘ
ਕਰਨਾਲ 23 ਫਰਵਰੀ (ਪਲਵਿੰਦਰ ਸਿੰਘ ਸੱਗੂ)
ਕਰਨਾਲ ਕਾਂਗਰਸ ਦੇ ਜ਼ਿਲ੍ਹਾ ਕਨਵੀਨਰ ਤ੍ਰਿਲੋਚਨ ਸਿੰਘ ਨੇ ਹਰਿਆਣਾ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਨਿਰਾਸ਼ਾਜਨਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮਹਿੰਗਾਈ ਅਤੇ ਬੇਰੁਜ਼ਗਾਰੀ ਆਪਣੇ ਸਿਖਰ ’ਤੇ ਹੈ ਪਰ ਬਜਟ ਵਿੱਚ ਇਸ ਬਾਰੇ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨਾਂ ਦੇ ਕਰਜ਼ਿਆਂ ਦਾ ਵਿਆਜ ਅਤੇ ਜੁਰਮਾਨਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ, ਇਹ ਸਿਰਫ਼ ਚੋਣ ਲਾਲੀਪਾਪ ਹੈ। ਜੇਕਰ ਹਰਿਆਣਾ ਸਰਕਾਰ ਸੱਚਮੁੱਚ ਕਿਸਾਨਾਂ ਦੀ ਹਿਤੈਸ਼ੀ ਹੁੰਦੀ ਤਾਂ ਉਨ੍ਹਾਂ ਨੂੰ ਦਿੱਲੀ ਵੱਲ ਮਾਰਚ ਕਰਨ ਤੋਂ ਨਾ ਰੋਕਿਆ ਜਾਂਦਾ। ਹਰਿਆਣਾ ਦੀਆਂ ਸਰਹੱਦਾਂ ਨੂੰ ਸੀਲ ਨਹੀਂ ਕੀਤਾ ਜਾਂਦਾ। ਕਿਸਾਨ ਅੰਦੋਲਨ ਦੌਰਾਨ ਕਈ ਕਿਸਾਨਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਆ ਚੁੱਕੀਆਂ ਹਨ ਪਰ ਮੁੱਖ ਮੰਤਰੀ ਚੁੱਪ ਰਹੇ। ਤ੍ਰਿਲੋਚਨ ਸਿੰਘ ਨੇ ਕਿਹਾ ਕਿ ਅੱਜ ਤੱਕ ਭਾਜਪਾ ਨੇ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਅਜਿਹੇ ਵਿੱਚ ਨਵੇਂ ਐਲਾਨ ਵੀ ਸਰਾਸਰ ਝੂਠ ਸਾਬਤ ਹੋਣਗੇ। ਮਨੋਹਰ ਸਰਕਾਰ ਨੇ ਹਮੇਸ਼ਾ ਝੂਠੇ ਵਾਅਦੇ ਕਰਕੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਤ੍ਰਿਲੋਚਨ ਸਿੰਘ ਨੇ ਦਾਅਵਾ ਕੀਤਾ ਕਿ ਹਰਿਆਣਾ ਦਾ ਇਹ ਬਜਟ ਭਾਜਪਾ ਲਈ ਆਖਰੀ ਬਜਟ ਸਾਬਤ ਹੋਵੇਗਾ। ਆਉਣ ਵਾਲਾ ਸਮਾਂ ਕਾਂਗਰਸ ਦਾ ਹੈ ਅਤੇ ਲੋਕ ਕਾਂਗਰਸ ਨੂੰ ਸੱਤਾ ਸੌਂਪਣ ਲਈ ਤਿਆਰ ਹਨ।