ਹਰਿਆਣਾ ਯੂਥ ਕਾਂਗਰਸ ਕਰੇਗੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਓ: ਤ੍ਰਿਲੋਚਨ ਸਿੰਘ
ਕਰਨਾਲ 15 ਜੂਨ ( ਪਲਵਿੰਦਰ ਸਿੰਘ ਸੱਗੂ)
ਕਰਨਾਲ ਕਾਂਗਰਸ ਦੇ ਜ਼ਿਲ੍ਹਾ ਕਨਵੀਨਰ ਤ੍ਰਿਲੋਚਨ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਦੀਆਂ ਰੁਜ਼ਗਾਰ ਵਿਰੋਧੀ ਨੀਤੀਆਂ ਖ਼ਿਲਾਫ਼ ਸੂਬੇ ਭਰ ਦੇ ਨੌਜਵਾਨਾਂ ਵਿੱਚ ਭਾਰੀ ਰੋਸ ਹੈ। ਸੀਈਟੀ ਪ੍ਰੀਖਿਆ ਦੇ ਮੁੱਦੇ ਨੂੰ ਲੈ ਕੇ ਹਰਿਆਣਾ ਪ੍ਰਦੇਸ਼ ਯੂਥ ਕਾਂਗਰਸ 16 ਜੂਨ ਨੂੰ ਕਰਨਾਲ ‘ਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰੇਗੀ। ਯੂਥ ਸੂਬਾ ਪ੍ਰਧਾਨ ਦਿਵਯਾਂਸ਼ੂ ਬੁੱਧੀਰਾਜਾ ਦੇ ਸੱਦੇ ‘ਤੇ ਯੂਥ ਕਾਰਕੁਨਾਂ ਦੇ ਨਾਲ-ਨਾਲ ਸੀ.ਈ.ਟੀ ਦੀ ਪ੍ਰਾਇਮਰੀ ਪ੍ਰੀਖਿਆ ਪਾਸ ਕਰਨ ਵਾਲੇ ਨੌਜਵਾਨ ਅਤੇ ਵਿਦਿਅਕ ਸੰਸਥਾਵਾਂ ਦੇ ਡਾਇਰੈਕਟਰ ਵੀ ਪ੍ਰਦਰਸ਼ਨ ‘ਚ ਹਿੱਸਾ ਲੈਣਗੇ | ਪ੍ਰਦਰਸ਼ਨਕਾਰੀ ਨੌਜਵਾਨਾਂ ਦੀ ਅਗਵਾਈ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਕਰਨਗੇ। ਸਾਬਕਾ ਵਿਧਾਨ ਸਭਾ ਸਪੀਕਰ ਕੁਲਦੀਪ ਸ਼ਰਮਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਣਗੇ। ਕਾਂਗਰਸ ਦੇ ਸਾਬਕਾ ਵਿਧਾਇਕ, ਸਾਬਕਾ ਮੰਤਰੀ ਅਤੇ ਸਮੂਹ ਸੈੱਲਾਂ ਦੇ ਅਹੁਦੇਦਾਰ ਅਤੇ ਆਗੂ ਵੀ ਸਰਕਾਰ ਖ਼ਿਲਾਫ਼ ਆਪਣਾ ਰੋਸ ਦਰਜ ਕਰਵਾਉਣ ਲਈ ਪੁੱਜਣਗੇ। ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਬਾਅਦ ਦੁਪਹਿਰ 3 ਵਜੇ ਤੋਂ ਐਨ.ਡੀ.ਆਰ.ਆਈ ਚੌਕ ਤੋਂ ਨੌਜਵਾਨਾਂ ਦਾ ਇਕੱਠ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰੇਗਾ। ਤ੍ਰਿਲੋਚਨ ਸਿੰਘ ਨੇ ਦੱਸਿਆ ਕਿ ਸਾਲ 2022 ਵਿੱਚ 7.53 ਨੌਜਵਾਨਾਂ ਨੇ ਸਾਂਝੀ ਯੋਗਤਾ ਪ੍ਰੀਖਿਆ ਦਿੱਤੀ ਸੀ। ਇਸ ਵਿੱਚੋਂ 3 ਤਿੰਨ ਲੱਖ 57 ਹਜ਼ਾਰ ਨੌਜਵਾਨਾਂ ਨੇ ਪ੍ਰੀਖਿਆ ਪਾਸ ਕੀਤੀ। ਕਮਿਸ਼ਨ ਨੇ ਮੁੱਖ ਇਮਤਿਹਾਨ ਵਿੱਚ ਪਾਸ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਤੋਂ ਚਾਰ ਗੁਣਾ ਗਿਣਤੀ ਵਿੱਚ ਬੁਲਾਉਣ ਦਾ ਫੈਸਲਾ ਕੀਤਾ ਹੈ। ਕਾਂਗਰਸ ਕਮਿਸ਼ਨ ਦੇ ਇਸ ਫੈਸਲੇ ਦਾ ਵਿਰੋਧ ਕਰਦੀ ਹੈ।