ਹਰਿਆਣਾ ਕਮੇਟੀ ਨੂੰ ਵਿੱਤੀ ਸਹਾਇਤਾ ਦੇਣ ‘ਤੇ ਟੈਕਸ ਨਹੀਂ ਦੇਣਾ ਪਵੇਗਾ : ਬਾਬਾ ਕਰਮਜੀਤ ਸਿੰਘ
ਐੱਚ.ਐੱਸ.ਜੀ.ਐੱਮ.ਸੀ. ਦੇ ਮੁਖੀ ਨੇ ਟੈਕਸ ਛੋਟ ਲਈ ਕੇਂਦਰ ਸਰਕਾਰ ਦਾ ਕੀਤਾ ਧੰਨਵਾਦ
ਕਰਨਾਲ 16 ਜੂਨ (ਪਲਵਿੰਦਰ ਸਿੰਘ ਸੱਗੂ)
ਸੰਗਤ ਵੱਲੋਂ ਹਰਿਆਣਾ ਕਮੇਟੀ ਨੂੰ ਦਾਨ ਕੀਤੀ ਗਈ ਕੋਈ ਵੀ ਰਾਸ਼ੀ ਆਮਦਨ ਕਰ ਵਿਭਾਗ ਵੱਲੋਂ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ। ਕੇਂਦਰ ਸਰਕਾਰ ਵੱਲੋਂ ਹਰਿਆਣਾ ਕਮੇਟੀ ਨੂੰ ਇਹ ਸਹੂਲਤ ਦਿੱਤੀ ਗਈ ਹੈ। ਇਸ ਸਬੰਧੀ ਸਰਕਾਰ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਿਆਣਾ ਕਮੇਟੀ ਦੇ ਪ੍ਰਧਾਨ ਬਾਬਾ ਕਰਮਜੀਤ ਸਿੰਘ ਨੇ ਦੱਸਿਆ ਕਿ ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਾਨ ਰਾਸ਼ੀ ਦੇਣ ਤੇ ਸੰਗਤ ਲਈ 1961 ਦੀ ਧਾਰਾ 80 ਜੀ ਤਹਿਤ ਆਮਦਨ ਕਰ ਤੇ ਵਿਸ਼ੇਸ਼ ਛੋਟ ਦੀ ਵਿਵਸਥਾ ਹੈ ਸੰਸਥਾ ਨੇ ਇਹ ਸਹੂਲਤ ਥੋੜ੍ਹੇ ਸਮੇਂ ਵਿੱਚ ਹਾਸਿਲ ਕੀਤੀ ਹੈ। ਪ੍ਰਧਾਨ ਬਾਬਾ ਕਰਮਜੀਤ ਸਿੰਘ ਨੇ ਸੰਸਥਾ ਨੂੰ ਟੈਕਸ ਛੋਟ ਦੇਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸੰਸਥਾ ਅਤੇ ਸੰਗਤ ਦੇ ਹਿੱਤ ਵਿੱਚ ਟੈਕਸ ਵਿੱਚ ਛੋਟ ਦੇ ਕੇ ਸ਼ਲਾਘਾਯੋਗ ਕਦਮ ਚੁੱਕਿਆ ਹੈ। ਪ੍ਰਧਾਨ ਨੇ ਦੱਸਿਆ ਕਿ ਇਸ ਸਬੰਧੀ ਜਥੇਬੰਦੀ ਵੱਲੋਂ ਕੇਂਦਰ ਸਰਕਾਰ ਨੂੰ ਮੰਗ ਕੀਤੀ ਗਈ ਸੀ, ਜਿਸ ਨੂੰ ਪ੍ਰਵਾਨ ਕਰਦਿਆਂ ਸਰਕਾਰ ਨੇ ਸੰਸਥਾ ਤੇ ਸੰਗਤ ਨੂੰ ਤੋਹਫ਼ਾ ਦਿੱਤਾ ਹੈ। ਹੁਣ ਹਰਿਆਣਾ ਕਮੇਟੀ ਨੂੰ ਦਾਨ ਦੇਣ ਵਾਲੇ ਵਿਅਕਤੀ ਨੂੰ ਗੁਰੂ ਘਰ ਚ ਦਿੱਤੀ ਜਾਣ ਵਾਲੀ ਰਾਸ਼ੀ ਤੇ ਟੈਕਸ ਨਹੀਂ ਦੇਣਾ ਪਵੇਗਾ। ਇਸ ਨਾਲ ਸੰਗਤਾਂ ਦਾ ਉਤਸ਼ਾਹ ਵਧੇਗਾ ਅਤੇ ਉਹ ਆਪਣੀ ਆਮਦਨ ਵਿੱਚੋਂ ਗੁਰੂ ਘਰ ਲਈ ਖੁੱਲ੍ਹ ਕੇ ਮਾਲੀ ਯੋਗਦਾਨ ਪਾ ਸਕਣਗੇ। ਜ਼ਿਕਰਯੋਗ ਹੈ ਕਿ ਹਰਿਆਣਾ ਕਮੇਟੀ ਵੱਲੋਂ ਪ੍ਰਧਾਨ ਬਾਬਾ ਕਰਮਜੀਤ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ। ਪ੍ਰਬੰਧਾਂ ਨੂੰ ਹੋਰ ਵੀ ਵਧੀਆ ਬਣਾਉਣ ਲਈ ਜਥੇਬੰਦੀ ਦੇ ਅਹੁਦੇਦਾਰਾਂ ਤੋਂ ਸੁਝਾਅ ਲਏ ਜਾ ਰਹੇ ਹਨ। ਇੰਨਾ ਹੀ ਨਹੀਂ ਪ੍ਰਧਾਨ ਸਾਹਿਬ ਵੱਲੋਂ ਅਹੁਦੇਦਾਰਾਂ ਤੋਂ ਹਰ ਕੰਮ ਦੀ ਰਿਪੋਰਟ ਵੀ ਲਈ ਜਾ ਰਹੀ ਹੈ। ਇਸ ਮੌਕੇ ਸੰਯੁਕਤ ਸਕੱਤਰ ਮੋਹਨਜੀਤ ਸਿੰਘ ਪਾਣੀਪਤ ਨੇ ਕਿਹਾ ਕਿ ਪ੍ਰਧਾਨ ਬਾਬਾ ਕਰਮਜੀਤ ਸਿੰਘ ਦੀ ਸੁਚੱਜੀ ਅਗਵਾਈ ਵਿਚ ਸਾਰੇ ਮੈਂਬਰ ਇਕਜੁੱਟ ਹੋ ਕੇ ਹਰਿਆਣਾ ਰਾਜ ਦੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਰਹੇ ਹਨ ਭਵਿੱਖ ਵਿੱਚ ਵੀ ਸੰਗਤ ਦੇ ਹਿੱਤ ਵਿੱਚ ਸੰਗਤ ਦੀ ਮੰਗ ’ਤੇ ਸਿਹਤ ਸੇਵਾਵਾਂ, ਵਿੱਦਿਆ ਲਈ ਚੰਗੇ ਸਕੂਲ ਅਤੇ ਹੋਰ ਕਾਰਜਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਫੋਟੋ ਕੈਪਸ਼ਨ
ਹਰਿਆਣਾ ਕਮੇਟੀ ਦੇ ਮੁਖੀ ਬਾਬਾ ਕਰਮਜੀਤ ਸਿੰਘ ਜਾਣਕਾਰੀ ਦਿੰਦੇ ਹੋਏ।