ਸਾਰੇ ਵਰਗਾਂ ‘ਤੇ ਇੱਕੋ ਜਿਹਾ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ: ਮਾਨ ਦਲ
ਕਰਨਾਲ 6 ਜਨਵਰੀ (ਪਲਵਿੰਦਰ ਸਿੰਘ ਸੱਗੂ)
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦੀ ਹਰਿਆਣਾ ਇਕਾਈ ਨੇ ਭਾਜਪਾ ਸ਼ਾਸਤ ਰਾਜਾਂ ਵਿੱਚ ਕਾਨੂੰਨ ਦੀ ਉਲੰਘਣਾ ਦਾ ਦੋਸ਼ ਲਾਇਆ ਹੈ। ਇਹ ਵੀ ਕਿਹਾ ਗਿਆ ਹੈ ਕਿ ਭਾਜਪਾ ਕਾਨੂੰਨ ਨੂੰ ਲਾਗੂ ਕਰਵਾਉਣ ਵਿਚ ਵਿਤਕਰਾ ਕਰ ਰਹੀ ਹੈ। ਲੋਕਾਂ ਨੂੰ ਜਾਤ-ਪਾਤ ਅਤੇ ਧਰਮ ਦੇ ਆਧਾਰ ‘ਤੇ ਵੰਡਣ ਦਾ ਕੰਮ ਕੀਤਾ ਜਾ ਰਿਹਾ ਹੈ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਤੋਂ ਬਾਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਵਿਰਕ ਨੇ ਵੀ ਕਿਹਾ ਕਿ ਮਹਿਲਾ ਕੋਚ ਵੱਲੋਂ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ’ਤੇ ਲਾਏ ਗਏ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ। ਜਾਂਚ ਨਿਰਪੱਖ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੁਝ ਸਮੇਂ ਪਹਿਲਾਂ ਸੀਜੇਆਈ ਰੰਜਨ ਗੋਗੋਈ ‘ਤੇ ਅਜਿਹੇ ਦੋਸ਼ ਲਾਏ ਗਏ ਸਨ, ਫਿਰ ਮਾਮਲੇ ਦੀ ਜਾਂਚ ਲਈ ਟੀਮ ਬਣਾਈ ਗਈ ਸੀ, ਪਰ ਉਦੋਂ ਐਫਆਈਆਰ ਦਰਜ ਨਹੀਂ ਕੀਤੀ ਗਈ ਸੀ।ਬਾਅਦ ਵਿੱਚ ਸੀਜੇਆਈ ਗੋਗੋਈ ਨੂੰ ਵੀ ਭਾਜਪਾ ਨੇ ਰਾਜ ਸਭਾ ਮੈਂਬਰ ਲਈ ਨਾਮਜ਼ਦ ਕੀਤਾ ਸੀ। ਖੇਡ ਮੰਤਰੀ ’ਤੇ ਦੋਸ਼ ਲਾਉਂਦਿਆਂ ਹੀ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਹ ਸਰਾਸਰ ਬੇਇਨਸਾਫ਼ੀ ਹੈ।ਹਰਜੀਤ ਸਿੰਘ ਵਿਰਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਔਰਤਾਂ ਦਾ ਸਤਿਕਾਰ ਕਰਨਾ ਜਾਣਦਾ ਉਨ੍ਹਾਂ ਦਾ ਸਨਮਾਨ ਕਰਵਾਉਣਾ ਵੀ ਜਾਣਦਾ ਹੈ। ਸੰਦੀਪ ਸਿੰਘ ਦੇ ਖਿਲਾਫ ਬਿਨਾਂ ਕਿਸੇ ਭੇਦਭਾਵ ਦੇ ਲੱਗੇ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ।ਕਾਨੂੰਨ ਸਭ ਲਈ ਇੱਕੋ ਜਿਹਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਝੱਜਰ ਦੀਆਂ ਖਾਪ ਪੰਚਾਇਤਾਂ ਨੇ ਖੇਡ ਮੰਤਰੀ ਦੇ ਮਾਮਲੇ ‘ਚ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਹੈ ਪਰ ਦੂਜੇ ਵਰਗਾਂ ‘ਤੇ ਮਾਮਲਾ ਆਉਣ ‘ਤੇ ਇਹ ਖਾਪ ਪੰਚਾਇਤਾਂ ਚੁੱਪ ਧਾਰ ਲੈਂਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇਸ਼ ਅਤੇ ਸੂਬੇ ਵਿਚ ਇਕਸਾਰ ਕਾਨੂੰਨ ਲਾਗੂ ਕਰਨ ਦੀ ਗੱਲ ਕਰਦਾ ਹੈ। ਸਾਨੂੰ ਭੇਦਭਾਵ ਅਤੇ ਜਾਤੀਵਾਦ ਨੂੰ ਖਤਮ ਕਰਨਾ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਸੰਦੀਪ ਸਿੰਘ ਦੇ ਸਮਰਥਨ ਵਿਚ ਨਹੀਂ ਹੈ ਪਰ ਕਾਨੂੰਨੀ ਜਾਂਚ ਸੰਵਿਧਾਨ ਦੇ ਆਧਾਰ ‘ਤੇ ਹੋਣੀ ਚਾਹੀਦੀ ਹੈ ਅਤੇ ਕਿਸੇ ਵਿਸ਼ੇਸ਼ ਜਾਤੀ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ।