ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਕਲਪਨਾ ਚਾਵਲਾ ਮੈਡੀਕਲ ਕਾਲਜ ਨੂੰ ਟਾਊਟਾਂ ਦੇ ਚੁੰਗਲ ਤੋਂ ਬਚਾਉਣ ਦੀ ਮੰਗ ਕੀਤੀ
ਕਰਨਾਲ 1 ਮਈ ( ਪਲਵਿੰਦਰ ਸਿੰਘ ਸੱਗੂ)
ਕਰਨਾਲ ਦਾ ਕਲਪਨਾ ਚਾਵਲਾ ਮੈਡੀਕਲ ਕਾਲਜ ਟਾਊਟਾਂ ਦੇ ਚੱਕਰਵਿਊ ‘ਚ ਫਸ ਗਿਆ ਹੈ। ਕਮਿਸ਼ਨਡ ਏਜੰਟ ਆਮ ਆਦਮੀ ਦੀ ਜ਼ਿੰਦਗੀ ਅਤੇ ਮੌਤ ਦਾ ਸੋਦਾ ਕਰ ਰਹੇ ਹਨ। ਕਰਨਾਲ ਕਾਂਗਰਸ ਦੇ ਕਨਵੀਨਰ ਤ੍ਰਿਲੋਚਨ ਸਿੰਘ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਪੱਤਰ ਲਿਖ ਕੇ ਕਲਪਨਾ ਚਾਵਲਾ ਮੈਡੀਕਲ ਕਾਲਜ ਨੂੰ ਟਾਊਟਾਂ ਦੇ ਚੁੰਗਲ ਤੋਂ ਬਚਾਉਣ ਦੀ ਮੰਗ ਕੀਤੀ ਹੈ। ਤ੍ਰਿਲੋਚਨ ਸਿੰਘ ਦਾ ਕਹਿਣਾ ਹੈ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਸਰਕਾਰੀ ਮੈਡੀਕਲ ਕਾਲਜ ਵਿੱਚ ਜਿੱਥੇ ਗਰੀਬਾਂ ਦਾ ਮੁਫ਼ਤ ਇਲਾਜ ਹੋਣਾ ਚਾਹੀਦਾ ਹੈ, ਉੱਥੇ ਦਲਾਲ ਸਰਗਰਮ ਹੋ ਕੇ ਉਨ੍ਹਾਂ ਦੀ ਜ਼ਿੰਦਗੀ ਦਾ ਸੌਦਾ ਕਰ ਲੈਂਦੇ ਹਨ।ਕੁਝ ਪ੍ਰਾਈਵੇਟ ਹਸਪਤਾਲਾਂ ਦੇ ਸੰਚਾਲਕਾਂ ਨੇ ਮੈਡੀਕਲ ਕਾਲਜ ਵਿੱਚ ਦਲਾਲ ਛੱਡ ਦਿੱਤੇ ਹਨ, ਜੋ ਕਈ ਸਰਕਾਰੀ ਡਾਕਟਰਾਂ ਦੀ ਮਿਲੀਭੁਗਤ ਨਾਲ ਇਹ ਧੰਦਾ ਚਲਾ ਰਹੇ ਹਨ। ਕੁਝ ਪੈਸਿਆਂ ਦੇ ਲਾਲਚ ਕਾਰਨ ਡਾਕਟਰ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਸ਼ਿਫਟ ਕਰਨ ਦੇ ਹੁਕਮ ਜਾਰੀ ਕਰ ਦਿੰਦੇ ਹਨ। ਜੋ ਮੈਡੀਕਲ ਟੈਸਟ ਮੁਫਤ ਹੁੰਦੇ ਹਨ, ਉਹੀ ਟੈਸਟ ਕਰਵਾਉਣ ਲਈ ਮਰੀਜ਼ਾਂ ਨੂੰ ਪ੍ਰਾਈਵੇਟ ਹਸਪਤਾਲਾਂ ਅਤੇ ਪ੍ਰਾਈਵੇਟ ਕੰਪਨੀਆਂ ਦੇ ਸੈਂਟਰਾਂ ਵਿੱਚ ਭੇਜਿਆ ਜਾਂਦਾ ਹੈ। ਤ੍ਰਿਲੋਚਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਕਰਨਾਲ ਤੋਂ ਵਿਧਾਇਕ ਵੀ ਹਨ।ਪਰ ਵਿਧਾਇਕ ਹੁੰਦਿਆਂ ਉਨ੍ਹਾਂ ਕਦੇ ਕਰਨਾਲ ਦੇ ਲੋਕਾਂ ਦਾ ਧਿਆਨ ਨਹੀਂ ਰੱਖਿਆ। ਸਿਹਤ ਸੇਵਾਵਾਂ ਨੂੰ ਮੁੱਢਲੀਆਂ ਸਹੂਲਤਾਂ ਵਿੱਚ ਗਿਣਿਆ ਜਾਂਦਾ ਹੈ। ਮਨੋਹਰ ਸਰਕਾਰ ਵੀ ਬੁਨਿਆਦੀ ਸਹੂਲਤਾਂ ਦੇਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਲਪਨਾ ਚਾਵਲਾ ਮੈਡੀਕਲ ਕਾਲਜ ਦੇ ਡਾਇਰੈਕਟਰ ਅਤੇ ਕੁਝ ਡਾਕਟਰ ਇਮਾਨਦਾਰੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਦਲਾਲ ਉਨ੍ਹਾਂ ਦੇ ਕੰਮ ਵਿੱਚ ਰੁਕਾਵਟ ਪਾ ਕੇ ਹਾਵੀ ਹੋ ਰਹੇ ਹਨ। ਕਾਂਗਰਸ ਦੇ ਜ਼ਿਲ੍ਹਾ ਕਨਵੀਨਰ ਤ੍ਰਿਲੋਚਨ ਸਿੰਘ ਨੇ ਕਿਹਾ ਕਿ ਹੁੱਡਾ ਸਰਕਾਰ ਨੇ ਕਰਨਾਲ ਵਿੱਚ ਕਲਪਨਾ ਚਾਵਲਾ ਮੈਡੀਕਲ ਕਾਲਜ ਬਣਾਇਆ ਸੀ ਤਾਕਿ ਇੱਥੋਂ ਦੇ ਲੋਕਾਂ ਦਾ ਚੰਗਾ ਇਲਾਜ ਹੋ ਸਕੇ ਅਤੇ ਪੁਲਾੜ ਦੂਤ ਡਾ: ਕਲਪਨਾ ਚਾਵਲਾ ਨੂੰ ਸਨਮਾਨ ਮਿਲੇ। ਕਲਪਨਾ ਚਾਵਲਾ ਮੈਡੀਕਲ ਕਾਲਜ ਨੂੰ ਸਾਧਾਰਨ ਹਸਪਤਾਲ ਨਾਲੋਂ ਵੀ ਮਾੜੀ ਹਾਲਤ ਵਿੱਚ ਲਿਆਉਣ ਦਾ ਕੰਮ ਮਨੋਹਰ ਸਰਕਾਰ ਨੇ ਕੀਤਾ ਹੈ। ਜੇਕਰ ਮੁੱਖ ਮੰਤਰੀ ਨੇ ਜਲਦੀ ਹੀ ਠੋਸ ਕਦਮ ਨਾ ਚੁੱਕੇ ਤਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਿਆ ਮੈਡੀਕਲ ਕਾਲਜ ਬੰਦ ਹੋਣ ਦੇ ਕੰਢੇ ਖੜ੍ਹਾ ਹੋ ਜਾਵੇਗਾ। ਕਲਪਨਾ ਚਾਵਲਾ ਮੈਡੀਕਲ ਕਾਲਜ ਨੂੰ ਟਾਊਟਾਂ ਦੇ ਚੁੰਗਲ ਤੋਂ ਮੁਕਤ ਕਰਨ ਲਈ ਮੁੱਖ ਮੰਤਰੀ ਨੂੰ ਅਪੀਲ ਕੀਤੀ।