ਪਿਹੋਵਾ 10 ਮਈ (ਡਾ. ਵਰਿਆਮ ਸਿੰਘ) ਬੀਤੇ ਇਕ ਹਫ਼ਤੇ ਤੋਂ ਜਾਰੀ ਲਾੱਕਡਾਊਨ ਕਾਰਨ ਕਾਰੋਬਾਰ ਤੇ ਪੈ ਰਹੇ ਮਾੜੇ ਅਸਰ ਦੇ ਮੁੱਦੇ ਤੇ ਚਰਚਾ ਕਰਨ ਲਈ ਪਿਹੋਵਾ ਵਪਾਰ ਮੰਡਲ ਦੀ ਇੱਕ ਬੈਠਕ ਪੰਜਾਬੀ ਧਰਮਸ਼ਾਲਾ ਵਿੱਚ ਹੋਈ। ਦੁਕਾਨਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੀ ਤਰਜ਼ ਤੇ ਉਨ੍ਹਾਂ ਨੂੰ ਵੀ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਇਜਾਜਤ ਦਿੱਤੀ ਜਾਵੇ। ਇਸ ਵੇਲੇ ਕੱਪੜਾ, ਮਨਿਆਰੀ ਅਤੇ ਮੋਬਾਇਲ ਦਾ ਕਾਰੋਬਾਰ ਕਰਨ ਵਾਲ਼ੀਆਂ ਦੁਕਾਨਾਂ ਮੁਕੰਮਲ ਤੌਰ ਤੇ ਬੰਦ ਹਨ। ਦੁਕਾਨਦਾਰਾਂ ਨੇ ਦੱਸਿਆ ਕਿ ਤਾਲਾਬੰਦੀ ਕਾਰਨ ਜਿੱਥੇ ਵੱਡੇ ਕਾਰੋਬਾਰ ਬੰਦ ਪਏ ਹਨ ਉੱਥੇ ਗਰੀਬ ਦੁਕਾਨਦਾਰਾਂ, ਫੇਰੀ ਲਾਉਣ ਵਾਲ਼ਿਆਂ ਅਤੇ ਦਿਹਾੜੀਦਾਰ ਕਾਮਿਆਂ ਨੂੰ ਆਰਥਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਠਕ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਸਾਰੇ ਕਾਰੋਬਾਰ ਮੁਕੰਮਲ ਤੌਰ ਤੇ ਬੰਦ ਰੱਖੇ ਜਾਣਗੇ।