ਪੱਤਰਕਾਰ ਜਗਤਾਰ ਸਿੰਘ ਤਾਰੀ ਐਚ ਐਸ ਜੀ ਪੀ ਸੀ ਦੇ ਕਾਰਜਕਾਰਣੀ ਮੈਂਬਰ ਨਿਯੁੱਕਤ
ਕਾਲਾਂਵਾਲੀ 21 ਮਈ (ਗੁਰਮੀਤ ਸਿੰਘ ਖਾਲਸਾ)- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਲਾਂਵਾਲੀ ਦੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਤਾਰੀ ਨੂੰ ਕਮੇਟੀ ਦੀ ਕਾਰਜਕਾਰਣੀ ਦਾ ਮੈਂਬਰ ਨਿਯੁੱਕਤ ਕੀਤਾ ਗਿਆ ਹੈ। ਹਰਿਆਣਾ ਸਰਕਾਰ ਦੇ ਐਡੀਸ਼ਨਲ ਚੀਫ ਸੈਕਟਰੀ ਰਾਜੀਵ ਅਰੋੜਾ ਵੱਲੋਂ ਜਾਰੀ ਪੱਤਰ ਵਿੱਚ ਇਸ ਦੀ ਪੁਸ਼ਟੀ ਕੀਤੀ ਗਈ ਹੈ। ਚੇਤੇ ਰਹੇ ਕਿ ਪੱਤਰਕਾਰ ਜਗਤਾਰ ਸਿੰਘ ਤਾਰੀ ਨੇ ਪਿਛਲੇ ਲੰਬੇ ਸਮੇਂ ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਕੀਤੇ ਗਏ ਸੰਘਰਸ਼ ਵਿੱਚ ਸਰਗਰਮ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਉਹ ਹਰਿਆਣਾ ਵਿੱਚ ਸਿੱਖਾਂ ਦੇ ਹਿਤਾਂ ਦੀ ਹਰ ਲੜਾਈ ਵਿੱਚ ਵਧ ਚੜ ਕੇ ਭਾਗ ਲੈਂਦੇ ਰਹੇ ਹਨ ਅਤੇ ਇਸ ਲਈ ਉਹਨਾਂ ਨੂੰ ਅਨੇਕ ਵਾਰ ਜੇਲ ਵੀ ਜਾਣਾ ਪਿਆ ਹੈ। ਪੱਤਰਕਾਰ ਜਗਤਾਰ ਸਿੰਘ ਤਾਰੀ ਨੇ ਆਪਣੀ ਇਸ ਨਿਯੁਕਤੀ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕੀਤਾ ਹੈ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦਾ ਧੰਨਵਾਦ ਕੀਤਾ ਹੈ। ਉਹਨਾਂ ਦੀ ਇਸ ਨਿਯੁੱਕਤੀ ’ਤੇ ਸਾਬਕਾ ਨਗਰ ਪਾਲਿਕਾ ਪ੍ਰਧਾਨ ਜਗਸੀਰ ਸਿੰਘ ਗਿੱਲ, ਭਗਤ ਨਾਮਦੇਵ ਟਾਂਕ ਕਸ਼ਤਰੀ ਸਭਾ ਦੇ ਸਰਪ੍ਰਸਤ ਮਾ. ਸੁਖਦਰਸ਼ਨ ਸਿੰਘ ਔਲਖ, ਮਨੁੱਖੀ ਅਧਿਕਾਰ ਮਿਸ਼ਨ ਦੇ ਜ਼ਿਲਾ ਪ੍ਰਧਾਨ ਕਿ੍ਰਸ਼ਨ ਜਿੰਦਲ, ਸਬ ਡਿਵੀਜਨ ਪੱਤਰਕਾਰ ਸੰਘ ਦੇ ਪ੍ਰਧਾਨ ਅਸ਼ੋਕ ਗਰਗ, ਪੱਤਰਕਾਰ ਮੁਕੇਸ਼ ਅਰੋੜਾ, ਚਾਨਣ ਸਿੰਘ, ਬਿੱਲੂ ਯਾਦਵ ਆਦਿ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਅਤੇ ਉਹਨਾਂ ਨੂੰ ਵਧਾਈ ਦਿੱਤੀ ਹੈ।