- ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦਾ ਜਨਮਦਿਨ ਲਖਨਊ ਵਿਖੇ ਉੱਚੇ ਪੱਧਰ ਤੇ ਮਨਾਇਆ ਗਿਆ
ਆਜ਼ਾਦ ਲੇਖਕ ਕਵੀ ਸਭਾ ਉੱਤਰ ਪ੍ਰਦੇਸ਼ ਲਖਨਊ ਵਲੋਂ ਪੰਥ ਰਤਨ ਗਿਆਨੀ ਦਿਤ ਸਿੰਘ ਜੀ ਜੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਆਯੋਜਿਤ ਕੀਤਾ ਗਿਆ
ਕਰਨਾਲ 30 ਅਪ੍ਰੈਲ ( ਪਲਵਿੰਦਰ ਸਿੰਘ ਸੱਗੂ)
ਬੀਤੇ 21 ਅਪ੍ਰੈਲ ਨੂੰ ਆਜ਼ਾਦ ਲੇਖਕ ਕਵੀ ਸਭਾ ਉੱਤਰ ਪ੍ਰਦੇਸ਼ ਲਖਨਊ ਵਲੋਂ ਪੰਥ ਰਤਨ ਗਿਆਨੀ ਦਿਤ ਸਿੰਘ ਜੀ ਜੇ ਜਨਮ ਦਿਨ ਨੂੰ ਸਮਰਪਿਤ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸਭਾ ਦੇ ਆਰਗਨਾਈਜਿੰਗ ਸਕੱਤਰ ਵੀਰ ਤ੍ਰਿਲੋਕ ਸਿੰਘ ਜੀ ਬਹਿਲ ਨੇ ਲਖਨਊ ਦੇ ਕਈ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀਆਂ , ਸੇਵਾ ਸੋਸਾਇਟੀਆਂ , ਜਥੇਬੰਦੀਆਂ ਦੇ ਆਏ ਹੋਏ ਪ੍ਰਤਿਨਿਧੀਆਂ ਅਤੇ ਸੰਗਤਾਂ ਦਾ ਸਵਾਗਤ ਕੀਤਾ ਤੇ ਜੀ ਆਇਆਂ ਕਿਹਾ ।ਇਸ ਮੌਕੇ ਬੀਬੀ ਰਵਨੀਤ ਕੌਰ ਨੇ ਗਿਆਨੀ ਜੀ ਦੀ ਰਚਨਾ “ਸਾਧੂ ਦਇਆਨੰਦ ਨਾਲ ਮੇਰਾ ਸੰਵਾਦ ‘ ਦੇ ਬਾਰੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਵਿਸ਼ੇਸ਼ ਤੌਰ ਤੇ ਦਸਿਆ ਗਿਆ ਕਿ ਗਿਆਨੀ ਜੀ ਅਤੇ ਦਯਾਨੰਦ ਜੀ ਵਿੱਚ ਕਿਹੜੇ ਕਿਹੜੇ ਧਾਰਮਿਕ ਅਤੇ ਅਧਿਆਤਮਿਕ ਮੁੱਦਿਆਂ ਤੇ ਵਿਚਾਰ ਵਟਾਂਦਰਾ ਹੋਇਆ ਅਤੇ ਤਿੰਨੋ ਵਾਰ ਗਿਆਨੀ ਜੀ ਨੇ ਦਇਆਨੰਦ ਨੂੰ ਨਿਰੁੱਤਰ ਕਰ ਦਿੱਤਾ । ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੀਰ ਬਰਜਿੰਦਰ ਪਾਲ ਸਿੰਘ ਨੇ ਗਿਆਨੀ ਜੀ ਦੀਆਂ ਹੋਰ ਪੁਸਤਕਾਂ “ਦੰਭ ਵਿਦਾਰਨ” ਅਤੇ “ਕਲਗੀਧਰ ਚਮਤਕਾਰ ” ਦਾ ਜਿਕਰ ਕਰਦਿਆਂ ਗਿਆਨੀ ਜੀ ਦੇ ਜੀਵਨ ਨਾਲ ਸੰਬੰਧਿਤ ਕਈ ਰੋਚਕ ਅਤੇ ਮਹੱਤਵਪੂਰਨ ਗੱਲਾਂ ਸਾਂਝੀਆਂ ਕੀਤੀਆਂ। ਇਸ ਮੌਕੇ ਤੇ ਸਭਾ ਦੇ ਸੀਨੀਅਰ ਮੈਂਬਰ ਵੀਰ ਅਜੀਤ ਸਿੰਘ ਜੀ ਨੇ ਗਿਆਨੀ ਜੀ ਦੇ ਜੀਵਨ ਦੇ ਸਾਰੇ ਪੱਖਾਂ ਨੂੰ ਸਮੇਟਦਿਆਂ ਆਪਣੀ ਲਿਖੀ ਕਵਿਤਾ ਗਿਆਨੀ ਜੀ ਨੂੰ ਸਮਰਪਿਤ ਕੀਤੀ ਅਤੇ ਲਖਨਊ ਦੇ ਸ਼੍ਰੋਮਣੀ ਕਵੀ ਵੀਰ ਮਨ ਮੋਹਨ ਸਿੰਘ ਜੀ ਮੋਹਣੀ ਪੰਥਕ ਕਵੀ ਨੇ ਕਾਵਿ ਦੀ ਉਚਾਈਆਂ ਨੂੰ ਛੂੰਦਿਆਂ ਹੋਇਆਂ ਕੌਮੀ ਸਤਰ ਦੀ ਇਕ ਕਵਿਤਾ ਗਿਆਨੀ ਜੀ ਦੇ ਪੂਰੇ ਜੀਵਨ ਅਤੇ ਰਚਨਾਵਾਂ ਨੂੰ ਸਮੇਟਦਿਆਂ ਸੰਗਤ ਦੇ ਸਾਹਮਣੇ ਰੱਖੀ।
ਉਪਰੰਤ ਸਭਾ ਦੇ ਜਨਰਲ ਸਕੱਤਰ ਸਰਦਾਰ ਦਵਿੰਦਰ ਪਾਲ ਸਿੰਘ ਨੇ ਗਿਆਨੀ ਜੀ ਦੇ ਜੀਵਨ ਦੇ ਅਣਛੁਏ ਪਹਿਲੂਆਂ ਅਤੇ ਅਣਗੋਲੇ ਵਰਕਿਆਂ ਦੇ ਉੱਪਰ ਝਾਤ ਮਾਰਦਿਆਂ ਗਿਆਨੀ ਜੀ ਦੀ ਪੁਸਤਕ “ਗੁਗਾ ਗਪੋੜਾ “, “ਮੀਰਾਂ ਮਨੌਤ “ਅਤੇ “ਸੁਲਤਾਨ ਪੁਆੜਾ “ਦਾ ਜਿਕਰ ਕੀਤਾ ਅਤੇ ਸੰਗਤ ਨੂੰ ਦੱਸਿਆ ਕਿ ਉਸ ਵੇਲੇ ਦੇ ਸਿੱਖਾਂ ਨੂੰ ਜਾਦੂ ਟੂਣੇ ,ਮਣੀ ਮਸਾਨ , ਪੀਰ ਫਕੀਰ , ਕਰਮਕਾਂਡ ਅਤੇ ਪਾਖੰਡ ਵਾਦ ਤੋਂ ਗਿਆਨੀ ਜੀ ਨੇ ਕਿਸ ਤਰਾਂ ਸੁਚੇਤ ਕੀਤਾ। ਸੰਗਤਾਂ ਨੂੰ ਰੋਚਕ ਵਿਧੀ ਨਾਲ ਸਮਝਾਉਣ ਲਈ ਸੈਲਾਨੀ ਸਿੰਘ ,ਗੁਰ ਬਲਭ ਸਿੰਘ ,ਝੱਖੜ ਸਿੰਘ, ਮਨਮਤ ਸਿੰਘ ਆਦਿਕ ਨਾਵਾਂ ਦਾ ਪ੍ਰਯੋਗ ਕਰਕੇ ਸਿਰਜੇ ਕੈਰੈਕਟਰ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਸਿੱਖਾਂ ਨੂੰ ਇਸਾਈ ਮਿਸ਼ਨਰੀਆਂ , ਆਰਿਆ ਸਮਾਜ , ਵਿਪਰਵਾਦ ਤੋਂ ਵਰਜ ਕੇ ਗੁਰੂ ਦੇ ਸੱਚੇ ਸਿੱਖ ਬਣਨ ਦੀ ਪ੍ਰੇਰਨਾ ਦਿੱਤੀ । “ਸੁਪਨ ਨਾਟਕ ” ਲਿਖ ਕੇ ਅਕਾਲ ਤਖਤ ਤੋਂ ਜਾਰੀ ਕੀਤੇ ਗਏ ਪੁਜਾਰੀਆਂ ਦੇ ਮੰਦਭਾਗੇ ਹੁਕਮਨਾਮੇ ਤੋਂ ਸੰਗਤਾਂ ਨੂੰ ਜਾਗਰੂਕ ਕੀਤਾ। ਗਿਆਨੀ ਜੀ ਦੀਆਂ ਜੀਵਨ ਭਰ ਅਨਥੱਕ ਕੋਸ਼ਿਸ਼ਾਂ ਸਦਕਾ ਹੀ ਸਿੰਘ ਸਭਾ ਲਹਿਰ ਹੋਂਦ ਵਿੱਚ ਆਈ, ਖਾਲਸਾ ਕਾਲਜ ਦਾ ਮੁੱਢ ਬਣਿਆ ,ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਰੱਖੀਆਂ ਮੂਰਤੀਆਂ ਹੱਟੀਆਂ, ਸਿੱਖਾਂ ਦੇ ਵਿਆਹ ਜੋ ਵਿਪਰਵਾਦੀ ਰੀਤ ਨਾਲ ਵੇਦੀ ਗੱਢ ਕੇ ਹੋਇਆ ਕਰਦੇ ਸਨ ਅਤੇ ਹੋਰ ਵੀ ਕਈ ਅਨੇਕ ਤਰਾਂ ਦੀਆਂ ਕੁਰੀਤੀਆਂ ਦੇ ਉੱਪਰ ਰੋਕ ਲਾਈ । ਸਿੱਖਾਂ ਦੀ ਆਬਾਦੀ ਜੋ ਇੱਕ ਕਰੋੜ ਤੋਂ ਘੱਟ ਕੇ 12 ਲੱਖ ਤੱਕ ਆ ਗਈ ਸੀ ,ਫਿਰ ਵਧਣੀ ਸ਼ੁਰੂ ਹੋਈ। ਇਸ ਪ੍ਰਕਾਰ ਗਿਆਨੀ ਜੀ ਨੇ ਬੜੇ ਔਖੇ ਸਮੇਂ ਪੰਥ ਦੀ ਬਾਂਹ ਫੜੀ ਸੀ ਅਤੇ 6 ਸਤੰਬਰ 1901 ਨੂੰ ਆਪਣੇ ਪਿਆਰੇ ਪੰਥ ਨੂੰ ਗੁਰੂ ਹਵਾਲੇ ਕਰਕੇ ਆਪ ਗੁਰੂ ਚਰਨਾਂ ਚ ਜਾ ਬਿਰਾਜੇ ।
ਜਿਸ ਤਰ੍ਹਾਂ ਕਿ ਆਜ਼ਾਦ ਲੇਖਕ ਕਵੀ ਸਭਾ ਦੀ ਵਰਕਿੰਗ ਕਮੇਟੀ ਨੇ ਫੈਸਲਾ ਕੀਤਾ ਸੀ ਕਿ ਹਰ ਸਾਲ ਕਿਸੇ ਇੱਕ ਸਾਹਿਤਕਾਰ ਨੂੰ, ਜਿਸਦੀ ਕਲਮ ਗਿਆਨੀ ਜੀ ਦੇ ਅਸੂਲਾਂ ਦੇ ਅਨੁਸਾਰ ਕੌਮ ਹਿਤ ਅਤੇ ਸਮਾਜ ਹਿਤ ਵਿੱਚ ਚਲਦੀ ਹੈ ਉਸ ਨੂੰ ਉਤਸਾਹ ਵਧਾਉਣ ਲਈ 10 ਹਜਾਰ ਰੁਪਏ ਦਾ ਨਗਦ ਪੁਰਸਕਾਰ ਅਤੇ ਹੋਰ ਮੋਮੈਂਟੋ ,ਸਿਰੋਪਾ ਆਦਿਕ ਦਿੱਤਾ ਜਾਏਗਾ । ਸੋ ਇਸ ਸਾਲ ਪਹਿਲਾ ਸਨਮਾਨ “ਗਿਆਨੀ ਦਿੱਤ ਸਿੰਘ ਮੈਮੋਰੀਅਲ ਐਵਾਰਡ” ਇਸ ਵਾਰੀ ਹਿੰਦੁਸਤਾਨ ਦੇ ਮਸ਼ਹੂਰ ਕਵੀ, ਲਖਨਊ ਨਿਵਾਸੀ ਵੀਰ ਮਨਮੋਹਨ ਸਿੰਘ ਜੀ ਮੋਣੀ ਨੂੰ ਦਿੱਤਾ ਗਿਆ ।
ਇਸ ਪ੍ਰੋਗਰਾਮ ਦਾ ਸ਼ਾਨਦਾਰ ਅਤੇ ਸਫਲ ਸੰਚਾਲਨ ਸਭਾ ਦੇ ਸੀਨੀਅਰ ਮੈਂਬਰ ਵੀਰ ਸਰਬਜੀਤ ਸਿੰਘ ਜੀ ਬਖਸ਼ਿਸ਼ ਨੇ ਬੜੀ ਦਿਆਨਤਦਾਰੀ ਨਾਲ ਨਿਭਾਇਆ ।ਅਖੀਰ ਵਿੱਚ ਸਭਾ ਦੇ ਪ੍ਰਧਾਨ ਸਰਦਾਰ ਨਰਿੰਦਰ ਸਿੰਘ ਜੀ ਮੋਂਗਾ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਗਿਆਨੀ ਜੀ ਦੇ ਕੀਤੇ ਕੰਮਾਂ ਨੂੰ ਲਖਨਊ ਦੇ ਹੋਰ ਸਾਰੇ ਇਲਾਕਿਆਂ ਵਿੱਚ, ਸਾਰੇ ਗੁਰਦੁਆਰਿਆਂ ਵਿੱਚ ਪਹੁੰਚਾਉਣ ਲਈ ਸਮੇਂ ਸਮੇਂ ਤੇ ਸੈਮੀਨਾਰ ਅਤੇ ਹੋਰ ਆਯੋਜਨ ਕਰਨੇ ਜਰੂਰੀ ਦੱਸੇ । ਸਰਬਜੀਤ ਸਿੰਘ ਬਖਸ਼ਿਸ਼ ਨੇ ਗਿਆਨੀ ਜੀ ਦੇ ਨਾਂ ਤੇ ਲਾਇਬਰੇਰੀ ਅਤੇ ਗੁਰਦੁਆਰਾ ਆਲਮ ਬਾਗ ਦੇ ਪ੍ਰਧਾਨ ਸਰਦਾਰ ਨਿਰਮਲ ਸਿੰਘ ਜੀ ਨੇ ਗੁਰਦੁਆਰਿਆਂ ਵਿੱਚ ਨਿਰਮਾਣਾਧੀਨ ਹਾਲ ਦਾ ਨਾਂ ਵੀ ਗਿਆਨੀ ਦਿੱਤ ਸਿੰਘ ਹਾਲ ਰੱਖਣ ਵੱਲ ਦੇ ਸੰਗਤਾਂ ਦਾ ਧਿਆਨ ਦਵਾਇਆ।
ਅਖੀਰ ਵਿੱਚ ਆਜਾਦ ਲੇਖਕ ਕਵੀ ਸਭਾ ਦੇ ਪ੍ਰਧਾਨ ਨਰਿੰਦਰ ਸਿੰਘ ਜੀ ਮੋਂਗਾ ਨੇ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਮੈਮੋਰੀਅਲ ਸੋਸਾਇਟੀ ਚੰਡੀਗੜ੍ਹ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਨੇ ਲਖਨਊ ਦੇ ਆਜ਼ਾਦ ਲੇਖਕ ਕਵੀ ਸਭਾ ਦੇ ਜਨਰਲ ਸਕੱਤਰ ਸਰਦਾਰ ਦਵਿੰਦਰ ਪਾਲ ਸਿੰਘ ਜੀ ਨੂੰ ਚੰਡੀਗੜ੍ਹ ਬੁਲਾ ਕੇ “ਫਖਰੇ ਕੌਮ ਗਿਆਨੀ ਦਿੱਤ ਸਿੰਘ ਐਵਾਰਡ 2024 ” ਨਾਲ ਸਨਮਾਨਿਤ ਕਰਕੇ ਪੂਰੇ ਲਖਨਊ ਦਾ ਮਾਣ ਵਧਾਇਆ ਹੈ।