ਕਿਸਾਨ ਆਗੂ ਰਾਜਿੰਦਰ ਆਰੀਆ ਨੇ ਮੁੱਖ ਮੰਤਰੀ ਖ਼ਿਲਾਫ਼ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ
ਮੁੱਖ ਮੰਤਰੀ ਤੇ ਸਾਬਕਾ ਸੀਐਮ ਨੇ ਚੋਣ ਜ਼ਾਬਤੇ ਦੀ ਕੀਤੀ ਉਲੰਘਣਾ, ਚੋਣ ਕਮਿਸ਼ਨ ਨੂੰ ਕਰਨਗੇ ਸ਼ਿਕਾਇਤ- ਰਾਜਿੰਦਰ ਆਰੀਆ
ਕਰਨਾਲ, 6 ਮਈ (ਪਲਵਿੰਦਰ ਸਿੰਘ ਸੱਗੂ)
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਰਾਜਿੰਦਰ ਆਰੀਆ ਦਾਦੂਪੁਰ ਨੇ ਕਿਹਾ ਹੈ ਕਿ ਕਰਨਾਲ ਵਿਧਾਨ ਸਭਾ ਦੀ ਉਪ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਹਲਕੇ ਦੇ ਉਮੀਦਵਾਰ ਮਨੋਹਰ ਲਾਲ ਵੱਲੋਂ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਉਹ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨਗੇ। ਉਨ੍ਹਾਂ ਕਿਹਾ ਕਿ ਇੰਝ ਲੱਗ ਰਿਹਾ ਸੀ ਜਿਵੇਂ ਮੁੱਖ ਮੰਤਰੀ ਤੇ ਸਾਬਕਾ ਮੁੱਖ ਮੰਤਰੀ ਇੱਥੇ ਨਾਮਜ਼ਦਗੀਆਂ ਦਾਖ਼ਲ ਕਰਨ ਆਏ ਹੋਣ ਨੀ ਕੋਈ ਉਮੀਦਵਾਰ। ਉਨ੍ਹਾਂ ਕਿਹਾ ਕਿ ਉਮੀਦਵਾਰ ਵਜੋਂ ਹਰ ਕਿਸੇ ਨੂੰ ਬਰਾਬਰ ਸਨਮਾਨ ਹੋਣਾ ਚਾਹੀਦਾ ਹੈ । ਦੋਵੇਂ ਭਾਜਪਾ ਉਮੀਦਵਾਰਾਂ ਦੇ ਨਾਲ ਸੈਂਕੜੇ ਸਮਰਥਕ ਵੀ ਮੌਜੂਦ ਸਨ ਜਦੋਂਕਿ ਚੋਣ ਅਧਿਕਾਰੀ ਅੱਗੇ ਸਿਰਫ਼ ਪੰਜ ਵਿਅਕਤੀ ਹੀ ਪੇਸ਼ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸਰਕਾਰੀ ਸੁਰੱਖਿਆ ਦਾ ਪ੍ਰਦਰਸ਼ਨ ਕੀਤਾ। ਉਸ ਨੇ ਦੱਸਿਆ ਕਿ ਉਹ ਕਰਨਾਲ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿਰੁੱਧ ਚੋਣ ਲੜ ਰਹੇ ਹਨ। ਇਹ ਲੜਾਈ ਸਥਾਨਕ ਅਤੇ ਬਾਹਰੀ ਲੋਕਾਂ ਵਿਚਕਾਰ ਹੈ। ਉਨ੍ਹਾਂ ਕਿਹਾ ਕਿ ਕਰਨਾਲ ਦੇ ਵੋਟਰ ਭੇਡਾਂ-ਬੱਕਰੀਆਂ ਨਹੀਂ ਹਨ। ਪਹਿਲਾਂ ਦਸ ਸਾਲ ਕਰਨਾਲ ਦੇ ਲੋਕਾਂ ਨੇ ਬਾਹਰਲੇ ਉਮੀਦਵਾਰ ਮਨੋਹਰ ਲਾਲ ਨੂੰ ਬਰਦਾਸ਼ਤ ਕੀਤਾ, ਹੁਣ ਬਾਹਰੀ ਉਮੀਦਵਾਰ ਨਾਇਬ ਸਿੰਘ ਸੈਣੀ ਨੂੰ ਥੋਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇੱਥੇ ਉਮੀਦਵਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਹੋ ਰਿਹਾ ਹੈ। ਇਸ ਮੌਕੇ ਰਾਜੇਸ਼ ਲਾਥੇਰ, ਸੁਮਿਤ ਖੋਖਰ, ਵਿਜੇ ਲਲਾਰੀਆ, ਅਸ਼ੀਸ਼ ਮਲਿਕ, ਮੋਹਿਤ ਸਿੰਘ, ਦਲਬੀਰ ਜਗਲਾਨ ਸਮੇਤ ਸੈਂਕੜੇ ਸਮਰਥਕ ਉਨ੍ਹਾਂ ਦੇ ਨਾਲ ਸਨ।